Saturday, July 17, 2010

ਪਵਨ ਸ਼ਰਮਾ







ਪਵਨ ਸ਼ਰਮਾ ਪਿਛਲੀ ਸਦੀ ਦੇ ਨੌਵੇਂ ਦਹਾਕੇ ਦੀ ਸ਼ੁਰੂਆਤ ਤੋਂ ਹੀ ਹਿੰਦੀ ਲਘੁਕਥਾ ਸਾਹਿਤ ਵਿਚ ਚਰਚਿਤ ਰਹੇ ਹਨ। ਚੁੱਪਚਾਪ ਆਪਣਾ ਕੰਮ ਕਰਨ ਵਿਚ ਵਿਸ਼ਵਾਸ ਰੱਖਣ ਵਾਲੇ ਇਸ ਲੇਖਕ ਦਾ ਪਰੀਚੈ ਤੇ ਉਸਦੀਆਂ ਕੁਝ ਰਚਨਾਵਾਂ ਪੇਸ਼ ਕਰ ਰਿਹਾ ਹਾਂ–ਅਗਰਵਾਲ।
                           *********

ਜਨਮ : 30 ਜੂਨ, 1961
ਸਿੱਖਿਆ : ਐਮ.ਏ. (ਹਿੰਦੀ), ਬੀ.ਐਸ-ਸੀ., ਬੀ.ਐਡ ।
ਪ੍ਰਕਾਸ਼ਿਤ ਪੁਸਤਕਾਂ : ‘ਅਪਣੇ-ਅਪਣੇ ਦਾਇਰੇ’, ‘ਜੰਗ ਲਗੀਂ ਕੀਲੇਂ’ ਤੇ ‘ਹਮ ਜਹਾਂ ਹੈਂ’ (ਲਘੁਕਥਾ ਸੰਗ੍ਰਹਿ),
‘ਯੇ ਸ਼ਹਿਰ ਹੈ’ (ਕਹਾਣੀ ਸੰਗ੍ਰਹਿ), “ਕਿਸੀ ਭੀ ਵਾਰਦਾਤ ਕੇ ਬਾਦ’ (ਕਾਵਿ ਸੰਗ੍ਰਹਿ)
ਸਨਮਾਨ : ‘ਮ.ਪ੍ਰ. ਆਂਚਲਿਕ ਸਾਹਿਤਯਕਾਰ ਪਰਿਸ਼ਦ, ਜਬਲਪੁਰ’ ਵੱਲੋਂ ‘ਸ਼੍ਰੀ ਦੇਵੇਂਦਰ ਆਦਰਸ਼
ਪੁਰਸਕਾਰ’ ਤੇ ‘ਭਾਰਤੀਯ ਸਾਹਿਤਯ ਸੰਗਮ, ਨਈ ਦਿੱਲੀ’ ਵੱਲੋਂ ‘ਸਵਿਤਾ ਪੁਰਸਕਾਰ’ ਨਾਲ
ਸਨਮਾਨਤ। ‘ਕਰਵਟ ਕਲਾ ਪਰਿਸ਼ਦ, ਭੋਪਾਲ’ ਵੱਲੋਂ ‘ਰਤਨ ਭਾਰਤੀ’ ਪੁਰਸਕਾਰ ਪ੍ਰਾਪਤ। ਕਿੱਤਾ : ਅਧਿਆਪਕ
ਸੰਪਰਕ : ਵਿੱਦਿਆ ਭਵਨ, ਸੁਕਰੀ ਚਰਚ, ਜੁੱਨਾਰਦੇਵ, ਜ਼ਿਲ੍ਹਾ-ਛਿੰਦਵਾਡ਼ਾ (ਮੱਧ ਪ੍ਰਦੇਸ਼)-480551
ਫੋਨ : 07160-230853 ਮੋਬਾਈਲ : 09425837079
                                                 *********

1.ਜ਼ਰੂਰਤ

            ਉਹ ਅੰਦਰ ਹੀ ਅੰਦਰ ਸੁਲਗ ਰਿਹਾ ਹੈ। ਕਰੇ ਵੀ ਤਾਂ ਕੀ ਕਰੇ…ਪਿਓ ਨੂੰ ਕੁਝ ਕਰ ਨਹੀਂ ਸਕਦਾ…ਕੁਝ ਕਹਿ ਵੀ ਨਹੀਂ ਸਕਦਾ…ਬਸ, ਸੁਲਗ ਰਿਹਾ ਹੈ…ਸੁਲਗਦਾ ਹੀ ਜਾ ਰਿਹਾ ਹੈ।
           “ਕੀ ਲੋਡ਼ ਐ ਨਿੱਕੀ ਨੂੰ ਨੌਕਰੀ ਕਰਾਉਣ ਦੀ?” ਉਹ ਆਪਣੀ ਛੋਟੀ ਭੈਣ ਨੂੰ ਨਿੱਕੀ ਹੀ ਕਹਿੰਦਾ ਹੈ, ਬਚਪਨ ਤੋਂ।
           “ਕਿਉਂ?”
           “ਤੁਸੀਂ ਤਾਂ ਹਰ ਗੱਲ ’ਚ ਕਿਉਂ ਲਾ ਦਿੰਦੇ ਹੋ, ਕੁਝ ਸਮਝਦੇ ਹੀ ਨਹੀਂ।”
           “ਜੇ ਉਹ ਨੌਕਰੀ ਕਰ ਰਹੀ ਐ ਤਾਂ ਕੀ ਬੁਰਾਈ ਐ? ਰਘੁ ਵੀ ਤਾਂ ਉਸੇ ਦੇ ਦਫਤਰ ’ਚ ਕੰਮ ਕਰ ਰਿਹੈ। ਦੇਖਭਾਲ ਵੀ ਕਰਦਾ ਹੋਵੇਗਾ ਆਪਣੀ ਭੈਣ ਦੀ।” ਉਹ ਐਨਕ ਪਿੱਛੋਂ ਝਾਕਦੇ ਹੋਏ ਬੋਲੇ।
           “ਬਾਹਰ ਵਾਲੇ ਬੋਲਦੇ ਹਨ। ਕਹਿੰਦੇ ਹਨ– ਧੀ ਦੀ ਕਮਾਈ ਖਾਂਦੇ ਹਨ। ਅਜਿਹੀਆਂ ਗੱਲਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀਆਂ। ਤੇ ਫਿਰ ਮੈਂ ਕਮਾ ਰਿਹਾ ਹਾਂ, ਰਘੁ ਕਮਾ ਰਿਹਾ ਹੈ, ਫਿਰ ਨਿੱਕੀ ਨੂੰ ਨੌਕਰੀ ਕਰਨ ਦੀ ਕੀ ਲੋਡ਼ ਐ?” ਉਹ ਫਿਰ ਕਹਿੰਦਾ ਹੈ, ਸੁਲਗਦਾ ਹੋਇਆ।
           “ਤੂੰ ਅਜੇ ਬੱਚਾ ਐਂ।”
           “ਜੇਕਰ ਤੁਸੀਂ ਨਿੱਕੀ ਨੂੰ ਨੌਕਰੀ ਤੋਂ ਨਹੀਂ ਹਟਾਇਆ, ਤਾਂ ਮੈਂ ਉਸਨੂੰ ਹਟਵਾ ਦਿਆਂਗਾ…ਕਿਸੇ ਵੀ ਤਰ੍ਹਾਂ।” ਉਹ ਫਿਰ ਸੁਲਗ ਉੱਠਦਾ ਹੈ।
           “…ਤਾਂ ਫਿਰ ਰਘੁ ਵੀ ਨੌਕਰੀ ਤੋਂ ਹਟ ਜਾਵੇਗਾ, ਆਪਣੇ ਆਪ ਈ। ਕਿਉਂਕਿ ਰਘੁ ਦੀ ਨੌਕਰੀ ਨਿੱਕੀ ਕਰਕੇ ਈ ਡੇਲੀ ਬੇਸਿਜ ’ਤੇ ਚੱਲ ਰਹੀ ਐ…ਉਸਨੂੰ ਕਦੇ ਵੀ ਹਟਾਇਆ ਜਾ ਸਕਦੈ।” ਉਹ ਠੰਡੀ ਆਵਾਜ਼ ਵਿਚ ਬੋਲੇ।
           ਅਚਾਨਕ ਉਸਨੂੰ ਲੱਗਾ ਜਿਵੇਂ ਉਹਦੀਆਂ ਰਗਾਂ ਵਿਚ ਖੂਨ ਜੰਮ ਜਿਹਾ ਗਿਆ ਹੋਵੇ।
                                                        -0-

2. ਮਿਹਨਤ

          “ਗੁੱਡ ਮਾਰਨਿੰਗ ਸਰ!”
          ਉਹ ਚੌਂਕ ਗਏ। ਬਿਸਕੁਟ ਖਾਣ ਲਈ ਉੱਠਿਆ ਹੱਥ, ਜਿੱਥੇ ਸੀ ਉੱਥੇ ਹੀ ਰਹਿ ਗਿਆ, “ਮਾਰਨਿੰਗ!”
          “ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ ਸਰ!” ਸਾਹਮਮੇ ਖਡ਼ਾ ਨੌਜਵਾਨ ਬੋਲਿਆ।
          ਉਹਨਾਂ ਦੇਖਿਆ–ਦੋ ਸਟਾਰ ਲਾਈ ਤੇ ਹੱਥ ਵਿਚ ਕੈਪ ਫਡ਼ੀ ਇਕ ਨੌਜਵਾਨ ਪੁਲਿਸ ਦੀ ਵਰਦੀ ਪਾਈ ਖਡ਼ਾ ਹੈ। ਕੌਣ ਹੈ? ਦਿਮਾਗ ਉੱਤੇ ਜ਼ੋਰ ਪਾਇਆ, ਫਿਰ ਵੀ ਯਾਦ ਨਹੀਂ ਆਇਆ। ਉਹਨਾਂ ਦੀ ਨਿਗ੍ਹਾ ਫਿਰ ਤੋਂ ਉਠੀ, ਛੋਟੀ ਜਿਹੀ ਨੇਮ ਪਲੇਟ ਲੱਗੀ ਹੈ,      ਕਮੀਜ ਦੀ ਜੇਬ ਉੱਤੇ–ਜੇ. ਐਸ. ਸਿੰਘ। ਪਰੰਤੂ ਫਿਰ ਵੀ ਕੁਝ ਯਾਦ ਨਹੀਂ ਆਇਆ।
          “ਸਰ! ਜਦੋਂ ਛੋਟਾ ਸੀ, ਅਖਬਾਰ ਵੇਚਦਾ ਹੁੰਦਾ ਸੀ। ਮਾਂ ਕੰਮ ਕਰਨ ਆਉਂਦੀ ਸੀ ਤੁਹਾਡੇ ਘਰ…ਬਿਲਾਸਪੁਰ ਵਿਚ।”
          “ਅੱਛਾ-ਅੱਛਾ, ਯਾਦ ਆਇਆ। ਬਹੁਤ ਵੱਡੇ ਹੋ ਗਏ। ਅੱਜ ਇੱਧਰ ਕਿਵੇਂ?” ਉਹ ਬੋਲੇ।
          “ਮੈਂ ਪੁਲਿਸ ’ਚ ਆਂ ਤੇ ਮੇਰੀ ਬਦਲੀ ਇਸ ਸ਼ਹਿਰ ’ਚ ਹੋਈ ਐ।” ਨੌਜਵਾਨ ਉਤਸ਼ਾਹਿਤ ਹੁੰਦਾ ਬੋਲਿਆ।
          “…ਤੇ ਤੇਰੀ ਮਾਂ?”
          “ਗੁਜ਼ਰ ਗਈ ਸਰ!…ਬਹੁਤ ਪਹਿਲਾਂ। ਇਕੱਲਾ ਹਾਂ। ਯਾਦ ਹੈ ਸਰ, ਇਕ ਵਾਰ ਤੁਸੀਂ ਕਿਹਾ ਸੀ– ਅਖਬਾਰ ਵੇਚਣਾ ਛੱਡ, ਪਡ਼੍ਹਾਈ ਕਰ। ਆਦਮੀ ਬਣ ਜੇਂਗਾ। ਤੁਹਾਡੀ ਗੱਲ ਯਾਦ ਰੱਖੀ ਸਰ। ਅਖਬਾਰ ਵੀ ਵੇਚੇ, ਪਡ਼੍ਹਾਈ ਵੀ ਕੀਤੀ। ਹੁਣ ਪੁਲਿਸ ’ਚ ਇੰਸਪੈਕਟਰ ਹਾਂ। ਸਭ ਤੁਹਾਡਾ ਆਸ਼ੀਰਵਾਦ ਐ। ਤੁਹਾਡਾ ਪਤਾ ਲੱਗਾ ਕਿ ਇੱਥੇ ਓਂ ਤਾਂ ਆ ਗਿਆ, ਫਿਰ ਤੋਂ ਤੁਹਾਡਾ ਆਸ਼ੀਰਵਾਦ ਲੈਣ।” ਕਹਿੰਦਾ ਹੋਇਆ ਨੌਜਵਾਨ ਉਹਨਾਂ ਦੇ ਪੈਰਾਂ ਵਿਚ ਝੁਕ ਗਿਆ।
           ਉਹਨਾਂ ਦਾ ਮਨ ਭਰ ਆਇਆ–ਕਾਸ਼! ਮੇਰਾ ਦਿਨੇਸ਼ ਵੀ ਅਜਿਹਾ ਹੀ ਨਿਕਲ ਜਾਂਦਾ। ਆਵਾਰਾਗਰਦੀ ਤੋਂ ਫੁਰਸਤ ਮਿਲੇ ਤਾਂ ਨਾ। ਤੇ ਹੌਲੀ-ਹੌਲੀ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋਣ ਲੱਗੀਆਂ।
                                                        -0-

3. ਪਰਛਾਵੇਂ

           ਤਿੰਨੋਂ ਮੇਜ ਉੱਤੇ ਰੱਖੀ ਪਲੇਟ ਵਿੱਚੋਂ ਕਾਜੂ ਤੇ ਨਮਕੀਨ ਖਾਂਦੇ ਜਾ ਰਹੇ ਸਨ। ਤੇ ਹੱਥ ਵਿਚ ਫਡ਼ੇ ਸ਼ਾਨਦਾਰ ਗਲਾਸਾਂ ਵਿਚ ਭਰੀ ਮਹਿੰਗੀ ਸ਼ਰਾਬ ਪੀ ਰਹੇ ਸਨ। ਅੱਧੀ ਤੋਂ ਜ਼ਿਆਦਾ ਖਾਲੀ ਬੋਤਲ ਮੇਜ ਦੇ ਖੂੰਜੇ ਵਿਚ ਪਈ ਸੀ। ਰਾਤ ਗਹਿਰਾ ਰਹੀ ਸੀ ਤੇ ਨਾਲ ਨਾਲ ਤਿੰਨਾਂ ਦਾ ਨਸ਼ਾ ਵੀ।
           “ਫਿਰ?” ਨੇਤਾ ਬੋਲਿਆ।
           “ਲਗਭਗ ਚਾਲੀ ਲੋਕਾਂ ਦੀ ਭੀਡ਼ ਜੁਟ ਗਈ ਸੀ।” ਥਾਣੇਦਾਰ ਨੇ ਦੱਸਿਆ।
           “ਉਸ ਤੋਂ ਬਾਦ?” ਰਈਸ ਨੇ ਪੁੱਛਿਆ।
           “ਸਾਰੇ ਗੁੱਸੇ ’ਚ ਸਨ। ਅੱਗ ਉਗਲ ਰਹੇ ਸਨ। ਉਨ੍ਹਾਂ ਸਾਰਿਆਂ ਸਾਹਮਣੇ ਕਰਮੋ ਸੀ…ਨਾਲ ਉਹਦੀ ਮਾਂ ਤੇ ਉਹਦਾ ਭਰਾ ਵੀ ਸੀ। ਭਰਾ ਦੀਆਂ ਅੱਖਾਂ ’ਚ ਖੂਨ ਸੀ।”
           “ਤੁਸੀਂ ਕੀ ਕੀਤਾ?”
           “ਪਹਿਲਾਂ ਤਾਂ ਬਹੁਤ ਸਮਝਾਇਆ, ਫਿਰ ਡਰਾਇਆ…ਧਮਕਾਇਆ, ਪਰ ਉਨ੍ਹਾਂ ਦੀ ਜਿੱਦ ਸੀ ਕਿ ਰਿਪੋਰਟ ਲਿਖਣੀ ਈ ਪਊਗੀ।”
            “ਸਾਲੇ…ਜਾਹਿਲ…ਗੰਵਾਰ…!”
            “ਮੈਂ ਵੀ ਕੋਰੇ ਕਾਗਜ਼ ਤੇ ਲਿਖਕੇ ਬੇਵਕੂਫ ਬਣਾ ਦਿੱਤਾ। ਬਾਦ ’ਚ ਕਾਗਜ਼ ਦੇ ਟੋਟੇ ਟੋਟੇ ਕਰਤੇ। ਪਰ ਇਕ ਗੱਲ ਐ ਸੇਠ ਜੀ…।”
            “ਕੀ?” ਰਈਸ ਨੇ ਪੁੱਛਿਆ।
            “ਰਾਕੇਸ਼ ਬੇਟੇ ਨੂੰ ਜ਼ੋਰ ਜਬਰਦਸਤੀ ਨਹੀਂ ਕਰਨੀ ਚਾਹੀਦੀ ਸੀ…ਬਹਿਲਾ-ਫੁਸਲਾ ਕੇ ਲਾਈਨ ਤੇ ਲੈ ਆਉਂਦਾ ਕਰਮੋ ਨੂੰ…।” ਥਾਣੇਦਾਰ ਬੋਲਿਆ।
             “ਹਰਾਮੀ ਦਾ ਪਿੱਲਾ…ਬੇਵਕੂਫ ਐ” ਰਈਸ ਨੇ ਭੈਡ਼ਾ ਜਿਹਾ ਮੂੰਹ ਬਣਾਇਆ।
ਤਿੰਨੋਂ ਜ਼ੋਰ ਨਾਲ ਹੱਸੇ।
              “ਸਾਰੀ ਗਲਤੀ ਰਾਕੇਸ਼ ਦੀ ਐ। ਇਹ ਆਦਿਵਾਸੀ ਬਹੁਤ ਭੋਲੇ ਹੁੰਦੇ ਨੇ। ਇਨ੍ਹਾਂ ਦੀ ਜਗ੍ਹਾ ਜੇਕਰ ਦੂਜੇ ਹੁੰਦੇ ਤਾਂ…।” ਥਾਣੇਦਾਰ ਹਨੇਰੇ ਵਿਚ ਦੇਖਦਾ ਹੋਇਆ ਬੋਲਿਆ।
               ਅਚਾਨਕ ਉਹਦੀ ਨਿਗ੍ਹਾ ਦੀਵਾਰ ਉੱਤੇ ਪਈ। ਉਸਨੂੰ ਲੱਗਾ ਕਿ ਸਵੇਰ ਵਾਲੀ ਚਾਲੀ ਆਦਮੀਆਂ ਦੀ ਭੀਡ਼ ਦੇ ਹੱਥ ਮਸ਼ਾਲਾਂ ਦੇ ਰੂਪ ਵਿਚ ਉੱਪਰ ਉੱਠੇ ਹੋਏ ਹਨ…ਪਤਾ ਨਹੀਂ ਕਿਉਂ ਉਹਦਾ ਮਨ ਖੌਫ਼ਜ਼ਦਾ ਹੋਣ ਲੱਗਾ।
                                                        -0-

4. ਪੱਧਰ

             “ਸਰ, ਹੁਣ ਤਾਂ ਤੁਸੀਂ ਮੇਰਾ ਕੇਸ ਸਮਝ ਹੀ ਗਏ ਹੋਵੋਂਗੇ?”
             “ਹਾਂ।” ਉਹ ਐਨਕ ਦੇ ਪਿੱਛੋਂ ਨਜ਼ਰਾਂ ਨੀਵੀਆਂ ਕਰ ਫਾਈਲ ਉੱਪਰ ਕੁਝ ਲਿਖਦੇ ਹੋਏ ਬੋਲੇ।
             “ਸਰ, ਸੱਚਮੁਚ ਹੀ ਮੈਂ ਬਹੁਤ ਪਰੇਸ਼ਾਨ ਹਾਂ।”
             “ਫਿਰ?”
             “ਪਲੀਜ!…ਹੈਲਪ ਮੀ ਸਰ!”
             ਉਹ ਕੁਝ ਨਹੀਂ ਬੋਲੇ। ਫਾਈਲ ਵਿਚ ਕੁਝ ਲਿਖਦੇ ਰਹੇ। ਉਹ ਉਹਨਾਂ ਸਾਹਮਣੇ ਖਡ਼ਾ ਸੀ।
             “ਜੋ ਹੋ ਸਕਿਆ ਕਰ ਦਿਆਂਗਾ।” ਉਹਨਾਂ ਨੇ ਸਿਗਰਟ ਦਾ ਕਸ਼ ਖਿੱਚਦੇ ਹੋਏ ਧੂਆਂ ਛੱਡਿਆ।
             ਥੋਡ਼ੀ ਦੇਰ ਸ਼ਾਂਤੀ ਛਾਈ ਰਹੀ।
             “ਤੁਸੀਂ ਨੇਹਾ ਦੇ ਡੈਡੀ ਹੋ ਨਾ?” ਉਹ ਗੱਲ ਜਾਰੀ ਰੱਖਣ ਲਈ ਬੋਲਿਆ।
             “ਹਾਂ।”
             “ਮੈਂ ਵਿਨੋਦ ਹਾਂ…ਨੇਹਾ ਦਾ ਕਲਾਸਮੇਟ।”
             “ਰਿਅਲੀ!”
             “ਯਸ ਸਰ।”
             “ਨੇਹਾ ਨੇ ਦੱਸਿਆ ਸੀ ਤੁਹਾਡੇ ਬਾਰੇ…ਕਈ ਵਾਰ।…ਮੋਸਟ ਬ੍ਰਿਲੀਐਂਟ…ਸਕਾਲਰਸ਼ਿਪ ਹੋਲਡਰ…ਵੈਰੀ ਗੁੱਡ!”
             “ਤੁਹਾਡਾ ਆਸ਼ੀਰਵਾਦ ਹੈ ਸਰ!”
             “ਖਡ਼ੇ ਕਿਉਂ ਹੋ, ਬੈਠ ਜਾਓ।” ਉਹਨਾਂ ਨੇ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਉਹ ਬੈਠ ਗਿਆ। ਉਹਨਾਂ ਉਸ ਵੱਲ ਦੇਖਦੇ ਹੋਏ ਸੋਚਿਆ– ਕੀ ਬੁਰਾ ਹੈ ਵਿਨੋਦ…ਨੇਹਾ ਤੇ ਵਿਨੋਦ ਇਕ ਦੂਜੇ ਨੂੰ ਚਾਹੁੰਦੇ ਵੀ ਹਨ।
              “ਮੈਂ ਕੰਮ ਕਰ ਦਿਆਂਗਾ।”
              “ਥੈਂਕਯੂ ਸਰ!…ਮੈਂ ਇੱਥੇ ਕਿਸੇ ਨੂੰ ਜਾਣਦਾ ਤੱਕ ਨਹੀਂ। ਚਾਰ ਦਿਨਾਂ ਤੋਂ ਚੱਕਰ ਕੱਟ ਰਿਹਾ ਹਾਂ।”
              ਥੋਡ਼ੀ ਦੇਰ ਚੁੱਪ ਰਹਿਣ ਮਗਰੋਂ ਉਹਨਾਂ ਨੇ ਪੁੱਛਿਆ, “ਘਰ ’ਚ ਕੌਣ-ਕੌਣ ਹੈ?”
              “ਤਿੰਨ ਛੋਟੇ ਭਰਾ, ਇਕ ਛੋਟੀ ਭੈਣ, ਪਿਤਾ ਜੀ, ਮਾਤਾ ਜੀ ਤੇ ਮੈਂ।”
              “ਪਿਤਾ ਜੀ ਕੀ ਕਰਦੇ ਹਨ?”
              “ਜੀ, ਮਿਡਲ ਸਕੂਲ ’ਚ ਹੈਡਮਾਸਟਰ ਹਨ।”
              “ਹੈਡਮਾਸਟਰ!”
              “ਯੈਸ।”
              “ਓਹ!” ਉਹ ਸਿਗਰਟ ਦੇ ਗੁਲ ਨੂੰ ਐਸ਼ਟ੍ਰੇ ਵਿਚ ਝਾਡ਼ਕੇ ਫਿਰ ਤੋਂ ਫਾਈਲਾਂ ਵਿਚ ਗੁਆਚ ਗਏ।
               ਅਚਾਨਕ ਕੁਰਸੀ ਉੱਤੇ ਬੈਠਾ ਹੋਇਆ ਉਹ ਆਪਣੇ ਆਪ ਵਿਚ ਹੀ ਸਿਮਟ ਗਿਆ।
                                                          -0-

No comments:

Post a Comment