Tuesday, December 14, 2010

ਸੂਰਯਕਾਂਤ ਨਾਗਰ


ਸੂਰਯਕਾਂਤ ਨਾਗਰ ਹਿੰਦੀ ਮਿੰਨੀ ਕਹਾਣੀ ਦੇ ਮਹੱਤਵਪੂਰਣ ਹਸਤਾਖਰ ਹਨ। ਲਗਭਗ 78 ਸਾਲ ਦੀ ਉਮਰ ਵਿਚ ਵੀ ਉਹ ਲੇਖਣ ਦੇ ਕਾਰਜ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਸਾਹਿਤਕ ਸਮਾਗਮਾਂ ਵਿਚ ਭਾਗ ਲੈਣ ਲਈ ਲੰਮੀ ਦੂਰੀ ਤੈਅ ਕਰ ਲੈਂਦੇ ਹਨ। ਲੇਖਕ ਦੇ ਪਰੀਚੈ ਨਾਲ ਕੁਝ ਰਚਨਾਵਾਂ ਪ੍ਰਸਤੁਤ ਹਨਅਗਰਵਾਲ

*******

ਜਨਮ : 3 ਫਰਵਰੀ, 1933 (ਸ਼ਾਜਾਪੁਰ-ਮੱਧ ਪ੍ਰਦੇਸ਼)

ਸਿੱਖਿਆ : ਵਿਗਿਆਨ ਵਿਚ ਪੋਸਟ-ਗ੍ਰੈਜੁਏਟ ਤੇ ਐਲ.ਐਲ.ਬੀ.

ਪ੍ਰਮੁਖ ਵਿਧਾਵਾਂ : ਕਹਾਣੀ, ਲਘੁਕਥਾ

ਮੌਲਿਕ ਪੁਸਤਕਾਂ : ਵਿਸ਼-ਬੀਜ(ਲਘੁਕਥਾ ਸੰਗ੍ਰਹਿ), ਸੱਤ ਕਹਾਣੀ ਸੰਗ੍ਰਹਿ, ਦੋ ਨਾਵਲ ਤੇ ਤਿੰਨ ਹੋਰ ਪੁਸਤਕਾਂ

ਸੰਪਾਦਨ :‘ਪ੍ਰਤਿਨਿਧ ਲਘੁਕਥਾਏਂ’, ‘ਤੀਸਰੀ ਆਂਖ( ਲਘੁਕਥਾ ਸੰਗ੍ਰਹਿ), ਅਤੀਤ ਸੇ ਅਲਗ(ਕਹਾਣੀ ਸੰਗ੍ਰਹਿ)

ਸਨਮਾਨ/ਪੁਰਸਕਾਰ:ਮੱਧ ਪ੍ਰਦੇਸ਼ ਸਾਹਿਤਯ ਪਰਿਸ਼ਦ ਵੱਲੋਂ ‘ਸੁਭੱਦ੍ਰਾਕੁਮਾਰੀ ਚੌਹਾਨ ਸਨਮਾਨ’। ਦੁਸ਼ਯੰਤ ਕੁਮਾਰ

ਪਾਂਡੁਲਿਪਿ ਸਮ੍ਰਿਤੀ ਸੰਗ੍ਰਹਾਲਯ ਵੱਲੋਂ ‘ਦੁਸ਼ਯੰਤ ਕੁਮਾਰ ਅਲੰਕਰਣ’, ‘ਅੰਬਿਕਾ ਪ੍ਰਸਾਦ ਦਿਵਯ

ਪੁਰਸਕਾਰ, ਮ,ਪ੍ਰ. ਲੇਖਕ ਸੰਘ ਵੱਲੋਂ ‘ਪੁਸ਼ਕਰ ਸਨਮਾਨ’ ਸੰਪਰਕ : 81, ਬੈਰਾਠੀ ਕਾਲੋਨੀ ਨੰ: 2, ਇੰਦੌਰ (ਮੱਧ ਪ੍ਰਦੇਸ਼)-452014

ਫੋਨ:0731-2470668 ਮੋਬਾਈਲ: 09893810050

*****

ਫਲ

ਮਾਂ ਜੀ ਨੇ ਸਵੇਰ ਦਾ ਕੁਝ ਨਹੀਂ ਖਾਧਾ, ਇਨ੍ਹਾਂ ਨੂੰ ਵੀ ਕੁਝ ਦਿਓ।ਲੰਮੇਂ ਸਫਰ ਦੇ ਸਾਥੀ ਮੁਸਾਫਰ ਦੇ ਨਾਤੇ ਮੈਂ ਆਪਣੀ ਚਿੰਤਾ ਪ੍ਰਗਟਾਈ।

ਮਾਂ ਸਫਰ ’ਚ ਅੰਨ ਗ੍ਰਹਿਣ ਨਹੀਂ ਕਰਦੀ।ਉਹਨਾਂ ਨੇ ਦੱਸਿਆ।

ਕੁਝ ਫਲ-ਫੁਲ ਈ ਲੈ ਦਿਓ।ਮੈਂ ਸੁਝਾਇਆ।

ਪਤਾ ਨਹੀਂ ਪੁੱਤਰ ਨੇ ਢੰਗ ਨਾਲ ਸੁਣਿਆ ਜਾਂ ਨਹੀਂ, ਜਾਂ ਸੁਣਕੇ ਅਣਸੁਣਿਆ ਕਰ ਦਿੱਤਾ। ਅਗਲੇ ਸਟੇਸ਼ਨ ਉੱਤੇ ਗੱਡੀ ਰੁਕੀ ਤਾਂ ਮਾਂ ਦਾ ਨਿੱਕਾ ਪੋਤਰਾ ਅੰਗੂਰ ਵਾਲੇ ਨੂੰ ਦੇਖ ਕੇ ਅੰਗੂਰਾਂ ਲਈ ਮਚਲ ਉੱਠਿਆ। ਹਾਰ ਕੇ ਉਹਨਾਂ ਨੇ ਬੇਟੇ ਨੂੰ ਅੰਗੂਰ ਲੈ ਦਿੱਤੇ।

ਬੇਟੇ, ਕੁਝ ਅੰਗੂਰ ਦਾਦੀ ਜੀ ਨੂੰ ਵੀ ਦਿਓ।ਉਹਨਾਂ ਨੇ ਕਿਹਾ, ਪਰ ਲਾਡਲਾ ਇਸ ਲਈ ਤਿਆਰ ਨਹੀਂ ਹੋਇਆ। ਮੰਮੀ-ਪਾਪਾ ਨੇ ਡਾਂਟਿਆ ਵੀ, ਪਰ ਉਸ ਡਾਂਟ ਵਿਚ ਲਾਡ-ਪਿਆਰ ਇਸ ਕਦਰ ਸ਼ਾਮਲ ਸੀ ਕਿ ਨਿੱਕੇ ਉੱਤੇ ਕੋਈ ਅਸਰ ਨਹੀਂ ਹੋਇਆ।

ਕੁਝ ਦੇਰ ਬਾਦ ‘ਦਸ ਦੇ ਤਿੰਨ, ਦਸ ਦੇ ਤਿੰਨ!’ ਕਰਦਾ ਸੰਤਰੇ ਵੇਚਣ ਵਾਲਾ ਆਇਆ ਤਾਂ ਮੇਰੇ ਕੋਲੋਂ ਰਿਹਾ ਨਾ ਗਿਆ, ਮਾਂ ਜੀ ਲਈ ਸੰਤਰੇ ਹੀ ਖਰੀਦ ਲਓ।

ਉਹਨਾਂ ਨੇ ਕੁਝ ਛਿਣ ਵਿਚਾਰ ਕੀਤਾ ਤੇ ਫਿਰ ਮਾਂ ਨੂੰ ਕਿਹਾ, ਮਾਂ, ਜਰਾ ਦਸ ਰੁਪਏ ਦੇਈਂ, ਮੇਰੇ ਕੋਲ ਖੁੱਲ੍ਹੇ ਨਹੀਂ ਹਨ।

ਮਾਂ ਨੇ ਕਿਹਾ, ਰਹਿਣ ਦੇ ਪੁੱਤ, ਅਜਿਹਾ ਵੀ ਕੀ ਜ਼ਰੂਰੀ ਐ।

ਬੇਟੇ ਨੇ ਜਿੱਦ ਕੀਤੀ ਤਾਂ ਮਾਂ ਨੇ ਗੰਢ ਵਿੱਚੋਂ ਦਸ ਦਾ ਨੋਟ ਕੱਢ ਕੇ ਪੁੱਤਰ ਦੇ ਹੱਥ ਉੱਤੇ ਰੱਖ ਦਿੱਤਾ। ਇਸ ਵਾਰ ਵੀ ਨਿੱਕੇ ਨੇ ਸੰਤਰਿਆਂ ਦੀ ਥੈਲੀ ਝਪਟ ਲਈ ਤੇ ਬੋਲਿਆ, ਮੈਂ ਕਿਸੇ ਨੂੰ ਨੀ ਦੇਣੇ ਸੰਤਰੇ। ’ਕੱਲਾ ਖਾਊਂਗਾ।

ਉਹਦੇ ਪਾਪਾ ਨੇ ਜ਼ੋਰ ਜਬਰਦਸਤੀ ਕੀਤੀ ਤਾਂ ਨਿੱਕਾ ਜ਼ੋਰ ਜ਼ੋਰ ਨਾਲ ਰੋਣ ਲੱਗਾ। ਹੱਥ-ਪੈਰ ਮਾਰਨ ਲੱਗਾ। ਇਸ ਖਿੱਚ-ਧੂਹ ਵਿਚ ਉਹਨੇ ਪਾਪਾ ਦਾ ਮੂੰਹ ਵੀ ਨੋਚ ਲਿਆ। ਉਹਦੀ ਦਾਦੀ ਨੇ ਕਿਹਾ, ਰਹਿਣ ਦੇ ਪੁੱਤ! ਨਿੱਕਾ ਖਾ ਲੂਗਾ ਤਾਂ ਸਮਝੂੰਗੀ ਮੈਂ ਈ ਖਾਧਾ ਐ।

ਨਿੱਕੇ ਨੇ ਢਿੱਡ ਭਰ ਜਾਣ ਉੱਤੇ ਇਕ ਸੰਤਰਾ ਪਾਪਾ ਵੱਲ ਕਰਦਿਆਂ ਕਿਹਾ, ਪਾਪਾ, ਇਹ ਤੁਸੀਂ ਖਾ ਲੋ।

ਦਾਦੀ ਨੂੰ ਦੇ ਦੇ ਬੇਟੇ!ਪਾਪਾ ਨੇ ਸਮਝਾਉਣਾ ਚਾਹਿਆ, ਪਰ ਨਿੱਕਾ ਰਾਜੀ ਨਹੀਂ ਹੋਇਆ। ਮਾਂ ਵਿਚਾਰਗੀ ਨਾਲ ਇਹ ਸਭ ਦੇਖ ਰਹੀ ਸੀ। ਆਖਰ ਉਹਨੇ ਕਿਹਾ, ਅੱਜ ਦੇ ਰਿਹੈ ਤਾਂ ਲੈ ਲੈ ਪੁੱਤ, ਪਤਾ ਨਹੀਂ ਕੱਲ ਕਿਹਾ ਫਲ ਮਿਲੇ।

-0-

ਪ੍ਰਦੂਸ਼ਨ

ਮਗਰਮੱਛ ਦੇ ਮੂੰਹ ਵਾਂਗ ਪਾਟੇ ਪੁਰਾਣੇ ਬੂਟਾਂ ਨੂੰ ਸਡ਼ਕ ਕਿਨਾਰੇ ਬੈਠੇ ਮੋਚੀ ਤੋਂ ਸਿਲਵਾਉਣ ਲਈ ਮੈਂ ਮਜ਼ਬੂਰ ਹੋ ਗਿਆ। ਟੁੱਟੇ ਖਡ਼ਕਦੇ ਸਾਇਕਲ ਨੂੰ ਸਡ਼ਕ ਕਿਨਾਰੇ ਖਡ਼ਾ ਕਰ ਮੈਂ ਬੂਟ ਮੋਚੀ ਦੇ ਸਪੁਰਦ ਕਰ ਦਿੱਤੇ ਤੇ ਇਕ ਪਾਸੇ ਖਡ਼ਾ ਹੋ ਗਿਆ। ਉਹ ਸਡ਼ਕ ਕੁਡ਼ੀਆਂ ਦੇ ਹਾਈ ਸਕੂਲ ਨੂੰ ਜਾਂਦੀ ਸੀ। ਤੇਰ੍ਹਾਂ ਤੋਂ ਸੋਲ੍ਹਾਂ ਸਾਲ ਦੀ ਉਮਰ ਦੀਆਂ ਕੁਡ਼ੀਆਂ ਦੀਆਂ ਟੋਲੀਆਂ ਇਕ ਤੋਂ ਬਾਦ ਇਕ ਉੱਥੋਂ ਲੰਘ ਰਹੀਆਂ ਸਨ। ਫੈਸ਼ਨ ਪਰੇਡ ਵਾਂਗ ਲੰਘ ਰਹੀਆਂ ਟੋਲੀਆਂ ਵਿੱਚੋਂ ਕੁਡ਼ੀਆਂ ਦੇ ਕੁਝ ਵਾਕ ਕਦੇ ਕਦੇ ਮੇਰੇ ਕੰਨਾਂ ਤਕ ਪੁੱਜ ਰਹੇ ਸਨ।

ਮਹਾਂਚੋਰ ਦੇਖੀ?

ਹਾਂ, ਪਰ ਹੁਣ ਰਾਜੇਸ਼ ਖੰਨਾ ਚ ਉਹ ਗੱਲ ਨਹੀਂ।

ਕੁੱਝ ਚਿਰ ਚੁੱਪ। ਫਿਰ ਖਣਕਦੀ ਆਵਾਜ਼, ਕਾਗਜ਼ ਕੀ ਨਾਵ ਦੇਖੀ?

ਮੰਮੀ-ਡੈਡੀ ਲੈ ਕੇ ਈ ਨਹੀਂ ਗਏ। ਕਹਿੰਦੇ ਸਰਟੀਫਿਕੇਟ ਵਾਲੀ ਐ।

ਕਿਸੇ ਦਿਨ ਸਕੂਲੋਂ ਚੱਲੀਏ?

ਨਾ ਨੀਂ, ਐਮਰਜੈਂਸੀ ਚ ਸਿਨਮੇ ਵਾਲੇ ਬਡ਼ੇ ਸਟ੍ਰਿਕਟ ਐ। ਘੱਟ ਉਮਰ ਵਾਲਿਆਂ ਨੂੰ ਜਾਣ ਨਹੀਂ ਦਿੰਦੇ। ਪਹਿਲਾਂ ਚੱਲ ਜਾਂਦਾ ਸੀ।

ਸੁਣਿਐ ਚਿੰਟੂ ਤੇ ਨੀਤੂ ਦਾ ਅੱਜਕਲ ਚੱਕਰ ਚੱਲ ਰਿਹੈ।

ਨੀ ਇਹ ਤਾਂ ਜੋਡ਼ੀ ਬਨਾਉਣ ਦੇ ਫਿਲਮੀ ਨੁਸਖੇ ਨੇ।

ਨੀ, ਉਹ ਨਵਾਂ ਸ਼ਿੰਦੇ ਸਰ ਕਿੰਨਾ ਆਕਡ਼ਦਾ ਐ।

ਛੀਂਟ ਦੀ ਨਵੀਂ ਸ਼ਰਟ ਪਾ ਕੇ ਆਪਣੇ ਆਪ ਨੂੰ ਛੋਟੀ ਸੀ ਬਾਤ ਦਾ ਹੀਰੋ ਸਮਝਦੈ।

ਮੈਨੂੰ ਤਾਂ ਬਹੁਤ ਪਿਆਰਾ ਲੱਗਦੈ, ਬਿਲਕੁਲ ਅਮੋਲ ਪਾਲੇਕਰ ਵਰਗਾ।

ਮੈਂ ਕੁਡ਼ੀਆਂ ਦੀ ਇਸ ਆਖਰੀ ਟੋਲੀ ਨੂੰ ਦੇਖਦਾ ਹੀ ਰਹਿ ਜਾਂਦਾ ਹਾਂ। ਮੋਚੀ ਨੇ ਸਿਉਂ ਕੇ ਬੂਟ ਮੇਰੇ ਸਾਹਮਣੇ ਰੱਖ ਦਿੱਤੇ। ਫਿਰ ਵੀ ਮੇਰੀ ਬਿਰਤੀ ਭੰਗ ਨਹੀਂ ਹੋਈ। ਆਖਰ ਉਹ ਬੋਲਿਆ, ਕੀ ਕੁਡ਼ੀਆਂ ਚ ਖੁੱਭ ਗਏ ਬਾਬੂ ਜੀ?

ਉਹਨੂੰ ਕੀ ਜਵਾਬ ਦਿੰਦਾ! ਕੀ ਇਹ ਕਹਿੰਦਾ ਕਿ ਕੁਡ਼ੀਆਂ ਦੀ ਉਸ ਆਖਰੀ ਟੋਲੀ ਦਾ ਉਹ ਆਖਰੀ ਵਾਕ ਮੇਰੀ ਧੀ ਦਾ ਸੀ।

-0-

ਨਜ਼ਰੀਆ

ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੰਜ ਸਾਲਾ ਬੱਚਾ ਖਚਾਖਚ ਭਰੇ ਸਿਨਮਾ ਹਾਲ ਦੀ ਬਾਲਕਨੀ ਦੀ ਰੇਲਿੰਗ ਉੱਤੇ ਝੁਕ ਕੇ ਹੇਠਾਂ ਦੇਖ ਰਿਹਾ ਸੀ।

ਇਸ ਤਰ੍ਹਾਂ ਨਾ ਝੁਕ ਬੇਟੇ, ਥੱਲੇ ਡਿੱਗ ਪਏਂਗਾ। ਪਿਤਾ ਨੇ ਪੁੱਤਰ ਨੂੰ ਸਮਝਾਇਆ। ਪਰ ਮੁੰਡਾ ਨਹੀਂ ਮੰਨਿਆਂ। ਹੇਠਾਂ ਹਾਲ ਵਿਚ ਬੈਠੇ ਦਰਸ਼ਕਾਂ ਵੱਲ ਹੋਰ ਝੁਕ ਕੇ ਦੇਖਣ ਲੱਗਾ।

ਤੈਨੂੰ ਮਨ੍ਹਾ ਕੀਤਾ ਐ ਨਾ…ਹੇਠਾਂ ਡਿੱਗ ਗਿਆ ਤਾਂ ਸੱਟ ਵੱਜ ਜੂਗੀ।ਪਿਤਾ ਨੇ ਥੋੜਾ ਭੜਕ ਕੇ ਕਿਹਾ।

ਹੇਠਾਂ ਬੈਠੇ ਲੋਕਾਂ ਤੇ ਡਿੱਗੂੰਗਾ ਤਾਂ ਉਨ੍ਹਾਂ ਦੇ ਵੀ ਸੱਟ ਲੱਗੂਗੀ ਨਾ ਪਾਪਾ?

ਕਹਿ ਰਿਹਾ ਹਾਂ ਕਿ ਡਿੱਗ ਪਿਆ ਤਾਂ ਤੈਨੂੰ ਸੱਟ ਵੱਜ ਜੂਗੀ, ਲਹੂਲੁਹਾਨ ਹੋਜੇਂਗਾ।

ਨਹੀਂ ਪਾਪਾ, ਪਹਿਲਾਂ ਇਹ ਦੱਸੋ ਕਿ ਜੇਕਰ ਮੈਂ ਜ਼ੋਰ ਨਾਲ ਉਨ੍ਹਾਂ ਲੋਕਾਂ ’ਤੇ ਡੱਗਿਆ ਤਾਂ ਉਨ੍ਹਾਂ ਨੂੰ ਸੱਟ ਵੱਜੂਗੀ ਜਾਂ ਨਹੀਂ?

ਫਿਰ ਉਹੀ ਗੱਲ! ਪਿਤਾ ਖਿਝ ਜਿਹਾ ਗਿਆ।

ਪਾਪਾ, ਦੱਸੋ ਨਾ ਕਿ ਮੇਰੇ ਡਿੱਗਣ ਨਾਲ ਹੇਠਾਂ ਬੈਠੇ ਲੋਕ ਵੀ ਜ਼ਖਮੀ ਹੋ ਸਕਦੇ ਹਨ ਜਾਂ ਨਹੀਂ?ਬੱਚੇ ਨੇ ਜਿੱਦ ਕੀਤੀ।

ਪਿਤਾ ਨੇ ਗੁੱਸੇ ਵਿਚ ਆ ਕੇ ਬੱਚੇ ਦੇ ਚਪੇੜ ਮਾਰੀ ਤੇ ਉਸਨੂੰ ਆਪਣੇ ਵੱਲ ਖਿੱਚਦੇ ਹੋਏ ਕਿਹਾ, ਸਾਲਾ ਦੂਜਿਆਂ ਦੀ ਚਿੰਤਾ ਕਰਦੈ!

-0-

ਅਪਮਾਨ

ਮੈਂ ਦੇਖ ਰਹੀ ਆਂ ਰੀਟਾ, ਸਵੇਰ ਦੀ ਤੂੰ ਕੁਝ ਉਖਡ਼ੀ ਉਖਡ਼ੀ ਐਂ। ਗੱਲ ਗੱਲ ਤੇ ਵੱਢਣ ਨੂੰ ਆਉਨੀ ਐਂ। ਆਖਰ ਇਹ ਖਿੱਝ ਤੇ ਗੁੱਸਾ ਕਿਉਂ?

ਮੰਮੀ! ਉਹ ਵਿੱਕੀ ਦੀ ਚਿੱਠੀ ਆਈ ਐ।

ਕਿਹਡ਼ਾ ਵਿੱਕੀ?

ਉਹੀ ਖੰਨਾ ਅੰਕਲ ਦਾ ਭਾਣਜਾ, ਜਿਹਡ਼ਾ ਪਡ਼੍ਹਨ ਲਈ ਇੱਥੇ ਆਇਆ ਸੀ ਤੇ ਪਡ਼੍ਹਾਈ ਵਿੱਚੇ ਈ ਛੱਡ ਕੇ ਚਲਾ ਗਿਆ ਸੀ। ਉਹੀ ਜਿਹਡ਼ਾ ਕਦੇ ਕਦਾਈਂ ਸਾਡੇ ਘਰ ਵੀ ਆਉਂਦਾ ਹੁੰਦਾ ਸੀ। ਕਦੇ ਤੁਹਾਡੇ ਨਾਲ ਤੇ ਕਦੇ ਮੇਰੇ ਨਾਲ ਹਾਸਾ-ਮਜ਼ਾਕ ਕਰਦਾ ਰਹਿੰਦਾ ਸੀ। ਸਿਨੇਮੇ ਜਾਣ ਨੂੰ ਵੀ ਕਹਿੰਦਾ ਹੁੰਦਾ ਸੀ।

ਫੇਰ?

ਫੇਰ ਕੀ! ਉਹਨੇ ਲਿਖਿਐ ਪਿਆਰੀ ਭੈਣ ਰੀਟਾ!

ਪਰ ਇਸ ’ਚ ਇੰਨਾ…?ਮਾਂ ਨੇ ਅਧੂਰੇ ਪ੍ਰਸ਼ਨ ਨਾਲ ਪੂਰੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ।

ਮੰਮੀ! ਮੈਨੂੰ ਇੰਜ ਸੰਬੋਧਨ ਕਰਨ ਦਾ ਉਹਨੂੰ ਕੀ ਅਧਿਕਾਰ ਐ? ਏਥੇ ਸੀ ਉਦੋਂ ਤਾਂ ਉਹਨੇ ਕਦੇ ਅਜਿਹਾ ਕੁਝ ਨਹੀਂ ਕੀਤਾ। ਇਹ ਮੇਰਾ ਅਪਮਾਨ ਕਰਨ ਬਰਾਬਰ ਐ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ।

ਮਾਂ ਕੀ ਜਵਾਬ ਦਿੰਦੀ, ਬਸ ਆਪਣੀ ਧੀ ਨੂੰ ਦੇਖਦੀ ਰਹੀ।

-0-

Saturday, July 17, 2010

ਪਵਨ ਸ਼ਰਮਾ







ਪਵਨ ਸ਼ਰਮਾ ਪਿਛਲੀ ਸਦੀ ਦੇ ਨੌਵੇਂ ਦਹਾਕੇ ਦੀ ਸ਼ੁਰੂਆਤ ਤੋਂ ਹੀ ਹਿੰਦੀ ਲਘੁਕਥਾ ਸਾਹਿਤ ਵਿਚ ਚਰਚਿਤ ਰਹੇ ਹਨ। ਚੁੱਪਚਾਪ ਆਪਣਾ ਕੰਮ ਕਰਨ ਵਿਚ ਵਿਸ਼ਵਾਸ ਰੱਖਣ ਵਾਲੇ ਇਸ ਲੇਖਕ ਦਾ ਪਰੀਚੈ ਤੇ ਉਸਦੀਆਂ ਕੁਝ ਰਚਨਾਵਾਂ ਪੇਸ਼ ਕਰ ਰਿਹਾ ਹਾਂ–ਅਗਰਵਾਲ।
                           *********

ਜਨਮ : 30 ਜੂਨ, 1961
ਸਿੱਖਿਆ : ਐਮ.ਏ. (ਹਿੰਦੀ), ਬੀ.ਐਸ-ਸੀ., ਬੀ.ਐਡ ।
ਪ੍ਰਕਾਸ਼ਿਤ ਪੁਸਤਕਾਂ : ‘ਅਪਣੇ-ਅਪਣੇ ਦਾਇਰੇ’, ‘ਜੰਗ ਲਗੀਂ ਕੀਲੇਂ’ ਤੇ ‘ਹਮ ਜਹਾਂ ਹੈਂ’ (ਲਘੁਕਥਾ ਸੰਗ੍ਰਹਿ),
‘ਯੇ ਸ਼ਹਿਰ ਹੈ’ (ਕਹਾਣੀ ਸੰਗ੍ਰਹਿ), “ਕਿਸੀ ਭੀ ਵਾਰਦਾਤ ਕੇ ਬਾਦ’ (ਕਾਵਿ ਸੰਗ੍ਰਹਿ)
ਸਨਮਾਨ : ‘ਮ.ਪ੍ਰ. ਆਂਚਲਿਕ ਸਾਹਿਤਯਕਾਰ ਪਰਿਸ਼ਦ, ਜਬਲਪੁਰ’ ਵੱਲੋਂ ‘ਸ਼੍ਰੀ ਦੇਵੇਂਦਰ ਆਦਰਸ਼
ਪੁਰਸਕਾਰ’ ਤੇ ‘ਭਾਰਤੀਯ ਸਾਹਿਤਯ ਸੰਗਮ, ਨਈ ਦਿੱਲੀ’ ਵੱਲੋਂ ‘ਸਵਿਤਾ ਪੁਰਸਕਾਰ’ ਨਾਲ
ਸਨਮਾਨਤ। ‘ਕਰਵਟ ਕਲਾ ਪਰਿਸ਼ਦ, ਭੋਪਾਲ’ ਵੱਲੋਂ ‘ਰਤਨ ਭਾਰਤੀ’ ਪੁਰਸਕਾਰ ਪ੍ਰਾਪਤ। ਕਿੱਤਾ : ਅਧਿਆਪਕ
ਸੰਪਰਕ : ਵਿੱਦਿਆ ਭਵਨ, ਸੁਕਰੀ ਚਰਚ, ਜੁੱਨਾਰਦੇਵ, ਜ਼ਿਲ੍ਹਾ-ਛਿੰਦਵਾਡ਼ਾ (ਮੱਧ ਪ੍ਰਦੇਸ਼)-480551
ਫੋਨ : 07160-230853 ਮੋਬਾਈਲ : 09425837079
                                                 *********

1.ਜ਼ਰੂਰਤ

            ਉਹ ਅੰਦਰ ਹੀ ਅੰਦਰ ਸੁਲਗ ਰਿਹਾ ਹੈ। ਕਰੇ ਵੀ ਤਾਂ ਕੀ ਕਰੇ…ਪਿਓ ਨੂੰ ਕੁਝ ਕਰ ਨਹੀਂ ਸਕਦਾ…ਕੁਝ ਕਹਿ ਵੀ ਨਹੀਂ ਸਕਦਾ…ਬਸ, ਸੁਲਗ ਰਿਹਾ ਹੈ…ਸੁਲਗਦਾ ਹੀ ਜਾ ਰਿਹਾ ਹੈ।
           “ਕੀ ਲੋਡ਼ ਐ ਨਿੱਕੀ ਨੂੰ ਨੌਕਰੀ ਕਰਾਉਣ ਦੀ?” ਉਹ ਆਪਣੀ ਛੋਟੀ ਭੈਣ ਨੂੰ ਨਿੱਕੀ ਹੀ ਕਹਿੰਦਾ ਹੈ, ਬਚਪਨ ਤੋਂ।
           “ਕਿਉਂ?”
           “ਤੁਸੀਂ ਤਾਂ ਹਰ ਗੱਲ ’ਚ ਕਿਉਂ ਲਾ ਦਿੰਦੇ ਹੋ, ਕੁਝ ਸਮਝਦੇ ਹੀ ਨਹੀਂ।”
           “ਜੇ ਉਹ ਨੌਕਰੀ ਕਰ ਰਹੀ ਐ ਤਾਂ ਕੀ ਬੁਰਾਈ ਐ? ਰਘੁ ਵੀ ਤਾਂ ਉਸੇ ਦੇ ਦਫਤਰ ’ਚ ਕੰਮ ਕਰ ਰਿਹੈ। ਦੇਖਭਾਲ ਵੀ ਕਰਦਾ ਹੋਵੇਗਾ ਆਪਣੀ ਭੈਣ ਦੀ।” ਉਹ ਐਨਕ ਪਿੱਛੋਂ ਝਾਕਦੇ ਹੋਏ ਬੋਲੇ।
           “ਬਾਹਰ ਵਾਲੇ ਬੋਲਦੇ ਹਨ। ਕਹਿੰਦੇ ਹਨ– ਧੀ ਦੀ ਕਮਾਈ ਖਾਂਦੇ ਹਨ। ਅਜਿਹੀਆਂ ਗੱਲਾਂ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦੀਆਂ। ਤੇ ਫਿਰ ਮੈਂ ਕਮਾ ਰਿਹਾ ਹਾਂ, ਰਘੁ ਕਮਾ ਰਿਹਾ ਹੈ, ਫਿਰ ਨਿੱਕੀ ਨੂੰ ਨੌਕਰੀ ਕਰਨ ਦੀ ਕੀ ਲੋਡ਼ ਐ?” ਉਹ ਫਿਰ ਕਹਿੰਦਾ ਹੈ, ਸੁਲਗਦਾ ਹੋਇਆ।
           “ਤੂੰ ਅਜੇ ਬੱਚਾ ਐਂ।”
           “ਜੇਕਰ ਤੁਸੀਂ ਨਿੱਕੀ ਨੂੰ ਨੌਕਰੀ ਤੋਂ ਨਹੀਂ ਹਟਾਇਆ, ਤਾਂ ਮੈਂ ਉਸਨੂੰ ਹਟਵਾ ਦਿਆਂਗਾ…ਕਿਸੇ ਵੀ ਤਰ੍ਹਾਂ।” ਉਹ ਫਿਰ ਸੁਲਗ ਉੱਠਦਾ ਹੈ।
           “…ਤਾਂ ਫਿਰ ਰਘੁ ਵੀ ਨੌਕਰੀ ਤੋਂ ਹਟ ਜਾਵੇਗਾ, ਆਪਣੇ ਆਪ ਈ। ਕਿਉਂਕਿ ਰਘੁ ਦੀ ਨੌਕਰੀ ਨਿੱਕੀ ਕਰਕੇ ਈ ਡੇਲੀ ਬੇਸਿਜ ’ਤੇ ਚੱਲ ਰਹੀ ਐ…ਉਸਨੂੰ ਕਦੇ ਵੀ ਹਟਾਇਆ ਜਾ ਸਕਦੈ।” ਉਹ ਠੰਡੀ ਆਵਾਜ਼ ਵਿਚ ਬੋਲੇ।
           ਅਚਾਨਕ ਉਸਨੂੰ ਲੱਗਾ ਜਿਵੇਂ ਉਹਦੀਆਂ ਰਗਾਂ ਵਿਚ ਖੂਨ ਜੰਮ ਜਿਹਾ ਗਿਆ ਹੋਵੇ।
                                                        -0-

2. ਮਿਹਨਤ

          “ਗੁੱਡ ਮਾਰਨਿੰਗ ਸਰ!”
          ਉਹ ਚੌਂਕ ਗਏ। ਬਿਸਕੁਟ ਖਾਣ ਲਈ ਉੱਠਿਆ ਹੱਥ, ਜਿੱਥੇ ਸੀ ਉੱਥੇ ਹੀ ਰਹਿ ਗਿਆ, “ਮਾਰਨਿੰਗ!”
          “ਸ਼ਾਇਦ ਤੁਸੀਂ ਮੈਨੂੰ ਪਛਾਣਿਆ ਨਹੀਂ ਸਰ!” ਸਾਹਮਮੇ ਖਡ਼ਾ ਨੌਜਵਾਨ ਬੋਲਿਆ।
          ਉਹਨਾਂ ਦੇਖਿਆ–ਦੋ ਸਟਾਰ ਲਾਈ ਤੇ ਹੱਥ ਵਿਚ ਕੈਪ ਫਡ਼ੀ ਇਕ ਨੌਜਵਾਨ ਪੁਲਿਸ ਦੀ ਵਰਦੀ ਪਾਈ ਖਡ਼ਾ ਹੈ। ਕੌਣ ਹੈ? ਦਿਮਾਗ ਉੱਤੇ ਜ਼ੋਰ ਪਾਇਆ, ਫਿਰ ਵੀ ਯਾਦ ਨਹੀਂ ਆਇਆ। ਉਹਨਾਂ ਦੀ ਨਿਗ੍ਹਾ ਫਿਰ ਤੋਂ ਉਠੀ, ਛੋਟੀ ਜਿਹੀ ਨੇਮ ਪਲੇਟ ਲੱਗੀ ਹੈ,      ਕਮੀਜ ਦੀ ਜੇਬ ਉੱਤੇ–ਜੇ. ਐਸ. ਸਿੰਘ। ਪਰੰਤੂ ਫਿਰ ਵੀ ਕੁਝ ਯਾਦ ਨਹੀਂ ਆਇਆ।
          “ਸਰ! ਜਦੋਂ ਛੋਟਾ ਸੀ, ਅਖਬਾਰ ਵੇਚਦਾ ਹੁੰਦਾ ਸੀ। ਮਾਂ ਕੰਮ ਕਰਨ ਆਉਂਦੀ ਸੀ ਤੁਹਾਡੇ ਘਰ…ਬਿਲਾਸਪੁਰ ਵਿਚ।”
          “ਅੱਛਾ-ਅੱਛਾ, ਯਾਦ ਆਇਆ। ਬਹੁਤ ਵੱਡੇ ਹੋ ਗਏ। ਅੱਜ ਇੱਧਰ ਕਿਵੇਂ?” ਉਹ ਬੋਲੇ।
          “ਮੈਂ ਪੁਲਿਸ ’ਚ ਆਂ ਤੇ ਮੇਰੀ ਬਦਲੀ ਇਸ ਸ਼ਹਿਰ ’ਚ ਹੋਈ ਐ।” ਨੌਜਵਾਨ ਉਤਸ਼ਾਹਿਤ ਹੁੰਦਾ ਬੋਲਿਆ।
          “…ਤੇ ਤੇਰੀ ਮਾਂ?”
          “ਗੁਜ਼ਰ ਗਈ ਸਰ!…ਬਹੁਤ ਪਹਿਲਾਂ। ਇਕੱਲਾ ਹਾਂ। ਯਾਦ ਹੈ ਸਰ, ਇਕ ਵਾਰ ਤੁਸੀਂ ਕਿਹਾ ਸੀ– ਅਖਬਾਰ ਵੇਚਣਾ ਛੱਡ, ਪਡ਼੍ਹਾਈ ਕਰ। ਆਦਮੀ ਬਣ ਜੇਂਗਾ। ਤੁਹਾਡੀ ਗੱਲ ਯਾਦ ਰੱਖੀ ਸਰ। ਅਖਬਾਰ ਵੀ ਵੇਚੇ, ਪਡ਼੍ਹਾਈ ਵੀ ਕੀਤੀ। ਹੁਣ ਪੁਲਿਸ ’ਚ ਇੰਸਪੈਕਟਰ ਹਾਂ। ਸਭ ਤੁਹਾਡਾ ਆਸ਼ੀਰਵਾਦ ਐ। ਤੁਹਾਡਾ ਪਤਾ ਲੱਗਾ ਕਿ ਇੱਥੇ ਓਂ ਤਾਂ ਆ ਗਿਆ, ਫਿਰ ਤੋਂ ਤੁਹਾਡਾ ਆਸ਼ੀਰਵਾਦ ਲੈਣ।” ਕਹਿੰਦਾ ਹੋਇਆ ਨੌਜਵਾਨ ਉਹਨਾਂ ਦੇ ਪੈਰਾਂ ਵਿਚ ਝੁਕ ਗਿਆ।
           ਉਹਨਾਂ ਦਾ ਮਨ ਭਰ ਆਇਆ–ਕਾਸ਼! ਮੇਰਾ ਦਿਨੇਸ਼ ਵੀ ਅਜਿਹਾ ਹੀ ਨਿਕਲ ਜਾਂਦਾ। ਆਵਾਰਾਗਰਦੀ ਤੋਂ ਫੁਰਸਤ ਮਿਲੇ ਤਾਂ ਨਾ। ਤੇ ਹੌਲੀ-ਹੌਲੀ ਉਹਨਾਂ ਦੀਆਂ ਅੱਖਾਂ ਗਿੱਲੀਆਂ ਹੋਣ ਲੱਗੀਆਂ।
                                                        -0-

3. ਪਰਛਾਵੇਂ

           ਤਿੰਨੋਂ ਮੇਜ ਉੱਤੇ ਰੱਖੀ ਪਲੇਟ ਵਿੱਚੋਂ ਕਾਜੂ ਤੇ ਨਮਕੀਨ ਖਾਂਦੇ ਜਾ ਰਹੇ ਸਨ। ਤੇ ਹੱਥ ਵਿਚ ਫਡ਼ੇ ਸ਼ਾਨਦਾਰ ਗਲਾਸਾਂ ਵਿਚ ਭਰੀ ਮਹਿੰਗੀ ਸ਼ਰਾਬ ਪੀ ਰਹੇ ਸਨ। ਅੱਧੀ ਤੋਂ ਜ਼ਿਆਦਾ ਖਾਲੀ ਬੋਤਲ ਮੇਜ ਦੇ ਖੂੰਜੇ ਵਿਚ ਪਈ ਸੀ। ਰਾਤ ਗਹਿਰਾ ਰਹੀ ਸੀ ਤੇ ਨਾਲ ਨਾਲ ਤਿੰਨਾਂ ਦਾ ਨਸ਼ਾ ਵੀ।
           “ਫਿਰ?” ਨੇਤਾ ਬੋਲਿਆ।
           “ਲਗਭਗ ਚਾਲੀ ਲੋਕਾਂ ਦੀ ਭੀਡ਼ ਜੁਟ ਗਈ ਸੀ।” ਥਾਣੇਦਾਰ ਨੇ ਦੱਸਿਆ।
           “ਉਸ ਤੋਂ ਬਾਦ?” ਰਈਸ ਨੇ ਪੁੱਛਿਆ।
           “ਸਾਰੇ ਗੁੱਸੇ ’ਚ ਸਨ। ਅੱਗ ਉਗਲ ਰਹੇ ਸਨ। ਉਨ੍ਹਾਂ ਸਾਰਿਆਂ ਸਾਹਮਣੇ ਕਰਮੋ ਸੀ…ਨਾਲ ਉਹਦੀ ਮਾਂ ਤੇ ਉਹਦਾ ਭਰਾ ਵੀ ਸੀ। ਭਰਾ ਦੀਆਂ ਅੱਖਾਂ ’ਚ ਖੂਨ ਸੀ।”
           “ਤੁਸੀਂ ਕੀ ਕੀਤਾ?”
           “ਪਹਿਲਾਂ ਤਾਂ ਬਹੁਤ ਸਮਝਾਇਆ, ਫਿਰ ਡਰਾਇਆ…ਧਮਕਾਇਆ, ਪਰ ਉਨ੍ਹਾਂ ਦੀ ਜਿੱਦ ਸੀ ਕਿ ਰਿਪੋਰਟ ਲਿਖਣੀ ਈ ਪਊਗੀ।”
            “ਸਾਲੇ…ਜਾਹਿਲ…ਗੰਵਾਰ…!”
            “ਮੈਂ ਵੀ ਕੋਰੇ ਕਾਗਜ਼ ਤੇ ਲਿਖਕੇ ਬੇਵਕੂਫ ਬਣਾ ਦਿੱਤਾ। ਬਾਦ ’ਚ ਕਾਗਜ਼ ਦੇ ਟੋਟੇ ਟੋਟੇ ਕਰਤੇ। ਪਰ ਇਕ ਗੱਲ ਐ ਸੇਠ ਜੀ…।”
            “ਕੀ?” ਰਈਸ ਨੇ ਪੁੱਛਿਆ।
            “ਰਾਕੇਸ਼ ਬੇਟੇ ਨੂੰ ਜ਼ੋਰ ਜਬਰਦਸਤੀ ਨਹੀਂ ਕਰਨੀ ਚਾਹੀਦੀ ਸੀ…ਬਹਿਲਾ-ਫੁਸਲਾ ਕੇ ਲਾਈਨ ਤੇ ਲੈ ਆਉਂਦਾ ਕਰਮੋ ਨੂੰ…।” ਥਾਣੇਦਾਰ ਬੋਲਿਆ।
             “ਹਰਾਮੀ ਦਾ ਪਿੱਲਾ…ਬੇਵਕੂਫ ਐ” ਰਈਸ ਨੇ ਭੈਡ਼ਾ ਜਿਹਾ ਮੂੰਹ ਬਣਾਇਆ।
ਤਿੰਨੋਂ ਜ਼ੋਰ ਨਾਲ ਹੱਸੇ।
              “ਸਾਰੀ ਗਲਤੀ ਰਾਕੇਸ਼ ਦੀ ਐ। ਇਹ ਆਦਿਵਾਸੀ ਬਹੁਤ ਭੋਲੇ ਹੁੰਦੇ ਨੇ। ਇਨ੍ਹਾਂ ਦੀ ਜਗ੍ਹਾ ਜੇਕਰ ਦੂਜੇ ਹੁੰਦੇ ਤਾਂ…।” ਥਾਣੇਦਾਰ ਹਨੇਰੇ ਵਿਚ ਦੇਖਦਾ ਹੋਇਆ ਬੋਲਿਆ।
               ਅਚਾਨਕ ਉਹਦੀ ਨਿਗ੍ਹਾ ਦੀਵਾਰ ਉੱਤੇ ਪਈ। ਉਸਨੂੰ ਲੱਗਾ ਕਿ ਸਵੇਰ ਵਾਲੀ ਚਾਲੀ ਆਦਮੀਆਂ ਦੀ ਭੀਡ਼ ਦੇ ਹੱਥ ਮਸ਼ਾਲਾਂ ਦੇ ਰੂਪ ਵਿਚ ਉੱਪਰ ਉੱਠੇ ਹੋਏ ਹਨ…ਪਤਾ ਨਹੀਂ ਕਿਉਂ ਉਹਦਾ ਮਨ ਖੌਫ਼ਜ਼ਦਾ ਹੋਣ ਲੱਗਾ।
                                                        -0-

4. ਪੱਧਰ

             “ਸਰ, ਹੁਣ ਤਾਂ ਤੁਸੀਂ ਮੇਰਾ ਕੇਸ ਸਮਝ ਹੀ ਗਏ ਹੋਵੋਂਗੇ?”
             “ਹਾਂ।” ਉਹ ਐਨਕ ਦੇ ਪਿੱਛੋਂ ਨਜ਼ਰਾਂ ਨੀਵੀਆਂ ਕਰ ਫਾਈਲ ਉੱਪਰ ਕੁਝ ਲਿਖਦੇ ਹੋਏ ਬੋਲੇ।
             “ਸਰ, ਸੱਚਮੁਚ ਹੀ ਮੈਂ ਬਹੁਤ ਪਰੇਸ਼ਾਨ ਹਾਂ।”
             “ਫਿਰ?”
             “ਪਲੀਜ!…ਹੈਲਪ ਮੀ ਸਰ!”
             ਉਹ ਕੁਝ ਨਹੀਂ ਬੋਲੇ। ਫਾਈਲ ਵਿਚ ਕੁਝ ਲਿਖਦੇ ਰਹੇ। ਉਹ ਉਹਨਾਂ ਸਾਹਮਣੇ ਖਡ਼ਾ ਸੀ।
             “ਜੋ ਹੋ ਸਕਿਆ ਕਰ ਦਿਆਂਗਾ।” ਉਹਨਾਂ ਨੇ ਸਿਗਰਟ ਦਾ ਕਸ਼ ਖਿੱਚਦੇ ਹੋਏ ਧੂਆਂ ਛੱਡਿਆ।
             ਥੋਡ਼ੀ ਦੇਰ ਸ਼ਾਂਤੀ ਛਾਈ ਰਹੀ।
             “ਤੁਸੀਂ ਨੇਹਾ ਦੇ ਡੈਡੀ ਹੋ ਨਾ?” ਉਹ ਗੱਲ ਜਾਰੀ ਰੱਖਣ ਲਈ ਬੋਲਿਆ।
             “ਹਾਂ।”
             “ਮੈਂ ਵਿਨੋਦ ਹਾਂ…ਨੇਹਾ ਦਾ ਕਲਾਸਮੇਟ।”
             “ਰਿਅਲੀ!”
             “ਯਸ ਸਰ।”
             “ਨੇਹਾ ਨੇ ਦੱਸਿਆ ਸੀ ਤੁਹਾਡੇ ਬਾਰੇ…ਕਈ ਵਾਰ।…ਮੋਸਟ ਬ੍ਰਿਲੀਐਂਟ…ਸਕਾਲਰਸ਼ਿਪ ਹੋਲਡਰ…ਵੈਰੀ ਗੁੱਡ!”
             “ਤੁਹਾਡਾ ਆਸ਼ੀਰਵਾਦ ਹੈ ਸਰ!”
             “ਖਡ਼ੇ ਕਿਉਂ ਹੋ, ਬੈਠ ਜਾਓ।” ਉਹਨਾਂ ਨੇ ਕੁਰਸੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਉਹ ਬੈਠ ਗਿਆ। ਉਹਨਾਂ ਉਸ ਵੱਲ ਦੇਖਦੇ ਹੋਏ ਸੋਚਿਆ– ਕੀ ਬੁਰਾ ਹੈ ਵਿਨੋਦ…ਨੇਹਾ ਤੇ ਵਿਨੋਦ ਇਕ ਦੂਜੇ ਨੂੰ ਚਾਹੁੰਦੇ ਵੀ ਹਨ।
              “ਮੈਂ ਕੰਮ ਕਰ ਦਿਆਂਗਾ।”
              “ਥੈਂਕਯੂ ਸਰ!…ਮੈਂ ਇੱਥੇ ਕਿਸੇ ਨੂੰ ਜਾਣਦਾ ਤੱਕ ਨਹੀਂ। ਚਾਰ ਦਿਨਾਂ ਤੋਂ ਚੱਕਰ ਕੱਟ ਰਿਹਾ ਹਾਂ।”
              ਥੋਡ਼ੀ ਦੇਰ ਚੁੱਪ ਰਹਿਣ ਮਗਰੋਂ ਉਹਨਾਂ ਨੇ ਪੁੱਛਿਆ, “ਘਰ ’ਚ ਕੌਣ-ਕੌਣ ਹੈ?”
              “ਤਿੰਨ ਛੋਟੇ ਭਰਾ, ਇਕ ਛੋਟੀ ਭੈਣ, ਪਿਤਾ ਜੀ, ਮਾਤਾ ਜੀ ਤੇ ਮੈਂ।”
              “ਪਿਤਾ ਜੀ ਕੀ ਕਰਦੇ ਹਨ?”
              “ਜੀ, ਮਿਡਲ ਸਕੂਲ ’ਚ ਹੈਡਮਾਸਟਰ ਹਨ।”
              “ਹੈਡਮਾਸਟਰ!”
              “ਯੈਸ।”
              “ਓਹ!” ਉਹ ਸਿਗਰਟ ਦੇ ਗੁਲ ਨੂੰ ਐਸ਼ਟ੍ਰੇ ਵਿਚ ਝਾਡ਼ਕੇ ਫਿਰ ਤੋਂ ਫਾਈਲਾਂ ਵਿਚ ਗੁਆਚ ਗਏ।
               ਅਚਾਨਕ ਕੁਰਸੀ ਉੱਤੇ ਬੈਠਾ ਹੋਇਆ ਉਹ ਆਪਣੇ ਆਪ ਵਿਚ ਹੀ ਸਿਮਟ ਗਿਆ।
                                                          -0-