Tuesday, December 14, 2010

ਸੂਰਯਕਾਂਤ ਨਾਗਰ


ਸੂਰਯਕਾਂਤ ਨਾਗਰ ਹਿੰਦੀ ਮਿੰਨੀ ਕਹਾਣੀ ਦੇ ਮਹੱਤਵਪੂਰਣ ਹਸਤਾਖਰ ਹਨ। ਲਗਭਗ 78 ਸਾਲ ਦੀ ਉਮਰ ਵਿਚ ਵੀ ਉਹ ਲੇਖਣ ਦੇ ਕਾਰਜ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਸਾਹਿਤਕ ਸਮਾਗਮਾਂ ਵਿਚ ਭਾਗ ਲੈਣ ਲਈ ਲੰਮੀ ਦੂਰੀ ਤੈਅ ਕਰ ਲੈਂਦੇ ਹਨ। ਲੇਖਕ ਦੇ ਪਰੀਚੈ ਨਾਲ ਕੁਝ ਰਚਨਾਵਾਂ ਪ੍ਰਸਤੁਤ ਹਨਅਗਰਵਾਲ

*******

ਜਨਮ : 3 ਫਰਵਰੀ, 1933 (ਸ਼ਾਜਾਪੁਰ-ਮੱਧ ਪ੍ਰਦੇਸ਼)

ਸਿੱਖਿਆ : ਵਿਗਿਆਨ ਵਿਚ ਪੋਸਟ-ਗ੍ਰੈਜੁਏਟ ਤੇ ਐਲ.ਐਲ.ਬੀ.

ਪ੍ਰਮੁਖ ਵਿਧਾਵਾਂ : ਕਹਾਣੀ, ਲਘੁਕਥਾ

ਮੌਲਿਕ ਪੁਸਤਕਾਂ : ਵਿਸ਼-ਬੀਜ(ਲਘੁਕਥਾ ਸੰਗ੍ਰਹਿ), ਸੱਤ ਕਹਾਣੀ ਸੰਗ੍ਰਹਿ, ਦੋ ਨਾਵਲ ਤੇ ਤਿੰਨ ਹੋਰ ਪੁਸਤਕਾਂ

ਸੰਪਾਦਨ :‘ਪ੍ਰਤਿਨਿਧ ਲਘੁਕਥਾਏਂ’, ‘ਤੀਸਰੀ ਆਂਖ( ਲਘੁਕਥਾ ਸੰਗ੍ਰਹਿ), ਅਤੀਤ ਸੇ ਅਲਗ(ਕਹਾਣੀ ਸੰਗ੍ਰਹਿ)

ਸਨਮਾਨ/ਪੁਰਸਕਾਰ:ਮੱਧ ਪ੍ਰਦੇਸ਼ ਸਾਹਿਤਯ ਪਰਿਸ਼ਦ ਵੱਲੋਂ ‘ਸੁਭੱਦ੍ਰਾਕੁਮਾਰੀ ਚੌਹਾਨ ਸਨਮਾਨ’। ਦੁਸ਼ਯੰਤ ਕੁਮਾਰ

ਪਾਂਡੁਲਿਪਿ ਸਮ੍ਰਿਤੀ ਸੰਗ੍ਰਹਾਲਯ ਵੱਲੋਂ ‘ਦੁਸ਼ਯੰਤ ਕੁਮਾਰ ਅਲੰਕਰਣ’, ‘ਅੰਬਿਕਾ ਪ੍ਰਸਾਦ ਦਿਵਯ

ਪੁਰਸਕਾਰ, ਮ,ਪ੍ਰ. ਲੇਖਕ ਸੰਘ ਵੱਲੋਂ ‘ਪੁਸ਼ਕਰ ਸਨਮਾਨ’ ਸੰਪਰਕ : 81, ਬੈਰਾਠੀ ਕਾਲੋਨੀ ਨੰ: 2, ਇੰਦੌਰ (ਮੱਧ ਪ੍ਰਦੇਸ਼)-452014

ਫੋਨ:0731-2470668 ਮੋਬਾਈਲ: 09893810050

*****

ਫਲ

ਮਾਂ ਜੀ ਨੇ ਸਵੇਰ ਦਾ ਕੁਝ ਨਹੀਂ ਖਾਧਾ, ਇਨ੍ਹਾਂ ਨੂੰ ਵੀ ਕੁਝ ਦਿਓ।ਲੰਮੇਂ ਸਫਰ ਦੇ ਸਾਥੀ ਮੁਸਾਫਰ ਦੇ ਨਾਤੇ ਮੈਂ ਆਪਣੀ ਚਿੰਤਾ ਪ੍ਰਗਟਾਈ।

ਮਾਂ ਸਫਰ ’ਚ ਅੰਨ ਗ੍ਰਹਿਣ ਨਹੀਂ ਕਰਦੀ।ਉਹਨਾਂ ਨੇ ਦੱਸਿਆ।

ਕੁਝ ਫਲ-ਫੁਲ ਈ ਲੈ ਦਿਓ।ਮੈਂ ਸੁਝਾਇਆ।

ਪਤਾ ਨਹੀਂ ਪੁੱਤਰ ਨੇ ਢੰਗ ਨਾਲ ਸੁਣਿਆ ਜਾਂ ਨਹੀਂ, ਜਾਂ ਸੁਣਕੇ ਅਣਸੁਣਿਆ ਕਰ ਦਿੱਤਾ। ਅਗਲੇ ਸਟੇਸ਼ਨ ਉੱਤੇ ਗੱਡੀ ਰੁਕੀ ਤਾਂ ਮਾਂ ਦਾ ਨਿੱਕਾ ਪੋਤਰਾ ਅੰਗੂਰ ਵਾਲੇ ਨੂੰ ਦੇਖ ਕੇ ਅੰਗੂਰਾਂ ਲਈ ਮਚਲ ਉੱਠਿਆ। ਹਾਰ ਕੇ ਉਹਨਾਂ ਨੇ ਬੇਟੇ ਨੂੰ ਅੰਗੂਰ ਲੈ ਦਿੱਤੇ।

ਬੇਟੇ, ਕੁਝ ਅੰਗੂਰ ਦਾਦੀ ਜੀ ਨੂੰ ਵੀ ਦਿਓ।ਉਹਨਾਂ ਨੇ ਕਿਹਾ, ਪਰ ਲਾਡਲਾ ਇਸ ਲਈ ਤਿਆਰ ਨਹੀਂ ਹੋਇਆ। ਮੰਮੀ-ਪਾਪਾ ਨੇ ਡਾਂਟਿਆ ਵੀ, ਪਰ ਉਸ ਡਾਂਟ ਵਿਚ ਲਾਡ-ਪਿਆਰ ਇਸ ਕਦਰ ਸ਼ਾਮਲ ਸੀ ਕਿ ਨਿੱਕੇ ਉੱਤੇ ਕੋਈ ਅਸਰ ਨਹੀਂ ਹੋਇਆ।

ਕੁਝ ਦੇਰ ਬਾਦ ‘ਦਸ ਦੇ ਤਿੰਨ, ਦਸ ਦੇ ਤਿੰਨ!’ ਕਰਦਾ ਸੰਤਰੇ ਵੇਚਣ ਵਾਲਾ ਆਇਆ ਤਾਂ ਮੇਰੇ ਕੋਲੋਂ ਰਿਹਾ ਨਾ ਗਿਆ, ਮਾਂ ਜੀ ਲਈ ਸੰਤਰੇ ਹੀ ਖਰੀਦ ਲਓ।

ਉਹਨਾਂ ਨੇ ਕੁਝ ਛਿਣ ਵਿਚਾਰ ਕੀਤਾ ਤੇ ਫਿਰ ਮਾਂ ਨੂੰ ਕਿਹਾ, ਮਾਂ, ਜਰਾ ਦਸ ਰੁਪਏ ਦੇਈਂ, ਮੇਰੇ ਕੋਲ ਖੁੱਲ੍ਹੇ ਨਹੀਂ ਹਨ।

ਮਾਂ ਨੇ ਕਿਹਾ, ਰਹਿਣ ਦੇ ਪੁੱਤ, ਅਜਿਹਾ ਵੀ ਕੀ ਜ਼ਰੂਰੀ ਐ।

ਬੇਟੇ ਨੇ ਜਿੱਦ ਕੀਤੀ ਤਾਂ ਮਾਂ ਨੇ ਗੰਢ ਵਿੱਚੋਂ ਦਸ ਦਾ ਨੋਟ ਕੱਢ ਕੇ ਪੁੱਤਰ ਦੇ ਹੱਥ ਉੱਤੇ ਰੱਖ ਦਿੱਤਾ। ਇਸ ਵਾਰ ਵੀ ਨਿੱਕੇ ਨੇ ਸੰਤਰਿਆਂ ਦੀ ਥੈਲੀ ਝਪਟ ਲਈ ਤੇ ਬੋਲਿਆ, ਮੈਂ ਕਿਸੇ ਨੂੰ ਨੀ ਦੇਣੇ ਸੰਤਰੇ। ’ਕੱਲਾ ਖਾਊਂਗਾ।

ਉਹਦੇ ਪਾਪਾ ਨੇ ਜ਼ੋਰ ਜਬਰਦਸਤੀ ਕੀਤੀ ਤਾਂ ਨਿੱਕਾ ਜ਼ੋਰ ਜ਼ੋਰ ਨਾਲ ਰੋਣ ਲੱਗਾ। ਹੱਥ-ਪੈਰ ਮਾਰਨ ਲੱਗਾ। ਇਸ ਖਿੱਚ-ਧੂਹ ਵਿਚ ਉਹਨੇ ਪਾਪਾ ਦਾ ਮੂੰਹ ਵੀ ਨੋਚ ਲਿਆ। ਉਹਦੀ ਦਾਦੀ ਨੇ ਕਿਹਾ, ਰਹਿਣ ਦੇ ਪੁੱਤ! ਨਿੱਕਾ ਖਾ ਲੂਗਾ ਤਾਂ ਸਮਝੂੰਗੀ ਮੈਂ ਈ ਖਾਧਾ ਐ।

ਨਿੱਕੇ ਨੇ ਢਿੱਡ ਭਰ ਜਾਣ ਉੱਤੇ ਇਕ ਸੰਤਰਾ ਪਾਪਾ ਵੱਲ ਕਰਦਿਆਂ ਕਿਹਾ, ਪਾਪਾ, ਇਹ ਤੁਸੀਂ ਖਾ ਲੋ।

ਦਾਦੀ ਨੂੰ ਦੇ ਦੇ ਬੇਟੇ!ਪਾਪਾ ਨੇ ਸਮਝਾਉਣਾ ਚਾਹਿਆ, ਪਰ ਨਿੱਕਾ ਰਾਜੀ ਨਹੀਂ ਹੋਇਆ। ਮਾਂ ਵਿਚਾਰਗੀ ਨਾਲ ਇਹ ਸਭ ਦੇਖ ਰਹੀ ਸੀ। ਆਖਰ ਉਹਨੇ ਕਿਹਾ, ਅੱਜ ਦੇ ਰਿਹੈ ਤਾਂ ਲੈ ਲੈ ਪੁੱਤ, ਪਤਾ ਨਹੀਂ ਕੱਲ ਕਿਹਾ ਫਲ ਮਿਲੇ।

-0-

ਪ੍ਰਦੂਸ਼ਨ

ਮਗਰਮੱਛ ਦੇ ਮੂੰਹ ਵਾਂਗ ਪਾਟੇ ਪੁਰਾਣੇ ਬੂਟਾਂ ਨੂੰ ਸਡ਼ਕ ਕਿਨਾਰੇ ਬੈਠੇ ਮੋਚੀ ਤੋਂ ਸਿਲਵਾਉਣ ਲਈ ਮੈਂ ਮਜ਼ਬੂਰ ਹੋ ਗਿਆ। ਟੁੱਟੇ ਖਡ਼ਕਦੇ ਸਾਇਕਲ ਨੂੰ ਸਡ਼ਕ ਕਿਨਾਰੇ ਖਡ਼ਾ ਕਰ ਮੈਂ ਬੂਟ ਮੋਚੀ ਦੇ ਸਪੁਰਦ ਕਰ ਦਿੱਤੇ ਤੇ ਇਕ ਪਾਸੇ ਖਡ਼ਾ ਹੋ ਗਿਆ। ਉਹ ਸਡ਼ਕ ਕੁਡ਼ੀਆਂ ਦੇ ਹਾਈ ਸਕੂਲ ਨੂੰ ਜਾਂਦੀ ਸੀ। ਤੇਰ੍ਹਾਂ ਤੋਂ ਸੋਲ੍ਹਾਂ ਸਾਲ ਦੀ ਉਮਰ ਦੀਆਂ ਕੁਡ਼ੀਆਂ ਦੀਆਂ ਟੋਲੀਆਂ ਇਕ ਤੋਂ ਬਾਦ ਇਕ ਉੱਥੋਂ ਲੰਘ ਰਹੀਆਂ ਸਨ। ਫੈਸ਼ਨ ਪਰੇਡ ਵਾਂਗ ਲੰਘ ਰਹੀਆਂ ਟੋਲੀਆਂ ਵਿੱਚੋਂ ਕੁਡ਼ੀਆਂ ਦੇ ਕੁਝ ਵਾਕ ਕਦੇ ਕਦੇ ਮੇਰੇ ਕੰਨਾਂ ਤਕ ਪੁੱਜ ਰਹੇ ਸਨ।

ਮਹਾਂਚੋਰ ਦੇਖੀ?

ਹਾਂ, ਪਰ ਹੁਣ ਰਾਜੇਸ਼ ਖੰਨਾ ਚ ਉਹ ਗੱਲ ਨਹੀਂ।

ਕੁੱਝ ਚਿਰ ਚੁੱਪ। ਫਿਰ ਖਣਕਦੀ ਆਵਾਜ਼, ਕਾਗਜ਼ ਕੀ ਨਾਵ ਦੇਖੀ?

ਮੰਮੀ-ਡੈਡੀ ਲੈ ਕੇ ਈ ਨਹੀਂ ਗਏ। ਕਹਿੰਦੇ ਸਰਟੀਫਿਕੇਟ ਵਾਲੀ ਐ।

ਕਿਸੇ ਦਿਨ ਸਕੂਲੋਂ ਚੱਲੀਏ?

ਨਾ ਨੀਂ, ਐਮਰਜੈਂਸੀ ਚ ਸਿਨਮੇ ਵਾਲੇ ਬਡ਼ੇ ਸਟ੍ਰਿਕਟ ਐ। ਘੱਟ ਉਮਰ ਵਾਲਿਆਂ ਨੂੰ ਜਾਣ ਨਹੀਂ ਦਿੰਦੇ। ਪਹਿਲਾਂ ਚੱਲ ਜਾਂਦਾ ਸੀ।

ਸੁਣਿਐ ਚਿੰਟੂ ਤੇ ਨੀਤੂ ਦਾ ਅੱਜਕਲ ਚੱਕਰ ਚੱਲ ਰਿਹੈ।

ਨੀ ਇਹ ਤਾਂ ਜੋਡ਼ੀ ਬਨਾਉਣ ਦੇ ਫਿਲਮੀ ਨੁਸਖੇ ਨੇ।

ਨੀ, ਉਹ ਨਵਾਂ ਸ਼ਿੰਦੇ ਸਰ ਕਿੰਨਾ ਆਕਡ਼ਦਾ ਐ।

ਛੀਂਟ ਦੀ ਨਵੀਂ ਸ਼ਰਟ ਪਾ ਕੇ ਆਪਣੇ ਆਪ ਨੂੰ ਛੋਟੀ ਸੀ ਬਾਤ ਦਾ ਹੀਰੋ ਸਮਝਦੈ।

ਮੈਨੂੰ ਤਾਂ ਬਹੁਤ ਪਿਆਰਾ ਲੱਗਦੈ, ਬਿਲਕੁਲ ਅਮੋਲ ਪਾਲੇਕਰ ਵਰਗਾ।

ਮੈਂ ਕੁਡ਼ੀਆਂ ਦੀ ਇਸ ਆਖਰੀ ਟੋਲੀ ਨੂੰ ਦੇਖਦਾ ਹੀ ਰਹਿ ਜਾਂਦਾ ਹਾਂ। ਮੋਚੀ ਨੇ ਸਿਉਂ ਕੇ ਬੂਟ ਮੇਰੇ ਸਾਹਮਣੇ ਰੱਖ ਦਿੱਤੇ। ਫਿਰ ਵੀ ਮੇਰੀ ਬਿਰਤੀ ਭੰਗ ਨਹੀਂ ਹੋਈ। ਆਖਰ ਉਹ ਬੋਲਿਆ, ਕੀ ਕੁਡ਼ੀਆਂ ਚ ਖੁੱਭ ਗਏ ਬਾਬੂ ਜੀ?

ਉਹਨੂੰ ਕੀ ਜਵਾਬ ਦਿੰਦਾ! ਕੀ ਇਹ ਕਹਿੰਦਾ ਕਿ ਕੁਡ਼ੀਆਂ ਦੀ ਉਸ ਆਖਰੀ ਟੋਲੀ ਦਾ ਉਹ ਆਖਰੀ ਵਾਕ ਮੇਰੀ ਧੀ ਦਾ ਸੀ।

-0-

ਨਜ਼ਰੀਆ

ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਪੰਜ ਸਾਲਾ ਬੱਚਾ ਖਚਾਖਚ ਭਰੇ ਸਿਨਮਾ ਹਾਲ ਦੀ ਬਾਲਕਨੀ ਦੀ ਰੇਲਿੰਗ ਉੱਤੇ ਝੁਕ ਕੇ ਹੇਠਾਂ ਦੇਖ ਰਿਹਾ ਸੀ।

ਇਸ ਤਰ੍ਹਾਂ ਨਾ ਝੁਕ ਬੇਟੇ, ਥੱਲੇ ਡਿੱਗ ਪਏਂਗਾ। ਪਿਤਾ ਨੇ ਪੁੱਤਰ ਨੂੰ ਸਮਝਾਇਆ। ਪਰ ਮੁੰਡਾ ਨਹੀਂ ਮੰਨਿਆਂ। ਹੇਠਾਂ ਹਾਲ ਵਿਚ ਬੈਠੇ ਦਰਸ਼ਕਾਂ ਵੱਲ ਹੋਰ ਝੁਕ ਕੇ ਦੇਖਣ ਲੱਗਾ।

ਤੈਨੂੰ ਮਨ੍ਹਾ ਕੀਤਾ ਐ ਨਾ…ਹੇਠਾਂ ਡਿੱਗ ਗਿਆ ਤਾਂ ਸੱਟ ਵੱਜ ਜੂਗੀ।ਪਿਤਾ ਨੇ ਥੋੜਾ ਭੜਕ ਕੇ ਕਿਹਾ।

ਹੇਠਾਂ ਬੈਠੇ ਲੋਕਾਂ ਤੇ ਡਿੱਗੂੰਗਾ ਤਾਂ ਉਨ੍ਹਾਂ ਦੇ ਵੀ ਸੱਟ ਲੱਗੂਗੀ ਨਾ ਪਾਪਾ?

ਕਹਿ ਰਿਹਾ ਹਾਂ ਕਿ ਡਿੱਗ ਪਿਆ ਤਾਂ ਤੈਨੂੰ ਸੱਟ ਵੱਜ ਜੂਗੀ, ਲਹੂਲੁਹਾਨ ਹੋਜੇਂਗਾ।

ਨਹੀਂ ਪਾਪਾ, ਪਹਿਲਾਂ ਇਹ ਦੱਸੋ ਕਿ ਜੇਕਰ ਮੈਂ ਜ਼ੋਰ ਨਾਲ ਉਨ੍ਹਾਂ ਲੋਕਾਂ ’ਤੇ ਡੱਗਿਆ ਤਾਂ ਉਨ੍ਹਾਂ ਨੂੰ ਸੱਟ ਵੱਜੂਗੀ ਜਾਂ ਨਹੀਂ?

ਫਿਰ ਉਹੀ ਗੱਲ! ਪਿਤਾ ਖਿਝ ਜਿਹਾ ਗਿਆ।

ਪਾਪਾ, ਦੱਸੋ ਨਾ ਕਿ ਮੇਰੇ ਡਿੱਗਣ ਨਾਲ ਹੇਠਾਂ ਬੈਠੇ ਲੋਕ ਵੀ ਜ਼ਖਮੀ ਹੋ ਸਕਦੇ ਹਨ ਜਾਂ ਨਹੀਂ?ਬੱਚੇ ਨੇ ਜਿੱਦ ਕੀਤੀ।

ਪਿਤਾ ਨੇ ਗੁੱਸੇ ਵਿਚ ਆ ਕੇ ਬੱਚੇ ਦੇ ਚਪੇੜ ਮਾਰੀ ਤੇ ਉਸਨੂੰ ਆਪਣੇ ਵੱਲ ਖਿੱਚਦੇ ਹੋਏ ਕਿਹਾ, ਸਾਲਾ ਦੂਜਿਆਂ ਦੀ ਚਿੰਤਾ ਕਰਦੈ!

-0-

ਅਪਮਾਨ

ਮੈਂ ਦੇਖ ਰਹੀ ਆਂ ਰੀਟਾ, ਸਵੇਰ ਦੀ ਤੂੰ ਕੁਝ ਉਖਡ਼ੀ ਉਖਡ਼ੀ ਐਂ। ਗੱਲ ਗੱਲ ਤੇ ਵੱਢਣ ਨੂੰ ਆਉਨੀ ਐਂ। ਆਖਰ ਇਹ ਖਿੱਝ ਤੇ ਗੁੱਸਾ ਕਿਉਂ?

ਮੰਮੀ! ਉਹ ਵਿੱਕੀ ਦੀ ਚਿੱਠੀ ਆਈ ਐ।

ਕਿਹਡ਼ਾ ਵਿੱਕੀ?

ਉਹੀ ਖੰਨਾ ਅੰਕਲ ਦਾ ਭਾਣਜਾ, ਜਿਹਡ਼ਾ ਪਡ਼੍ਹਨ ਲਈ ਇੱਥੇ ਆਇਆ ਸੀ ਤੇ ਪਡ਼੍ਹਾਈ ਵਿੱਚੇ ਈ ਛੱਡ ਕੇ ਚਲਾ ਗਿਆ ਸੀ। ਉਹੀ ਜਿਹਡ਼ਾ ਕਦੇ ਕਦਾਈਂ ਸਾਡੇ ਘਰ ਵੀ ਆਉਂਦਾ ਹੁੰਦਾ ਸੀ। ਕਦੇ ਤੁਹਾਡੇ ਨਾਲ ਤੇ ਕਦੇ ਮੇਰੇ ਨਾਲ ਹਾਸਾ-ਮਜ਼ਾਕ ਕਰਦਾ ਰਹਿੰਦਾ ਸੀ। ਸਿਨੇਮੇ ਜਾਣ ਨੂੰ ਵੀ ਕਹਿੰਦਾ ਹੁੰਦਾ ਸੀ।

ਫੇਰ?

ਫੇਰ ਕੀ! ਉਹਨੇ ਲਿਖਿਐ ਪਿਆਰੀ ਭੈਣ ਰੀਟਾ!

ਪਰ ਇਸ ’ਚ ਇੰਨਾ…?ਮਾਂ ਨੇ ਅਧੂਰੇ ਪ੍ਰਸ਼ਨ ਨਾਲ ਪੂਰੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ।

ਮੰਮੀ! ਮੈਨੂੰ ਇੰਜ ਸੰਬੋਧਨ ਕਰਨ ਦਾ ਉਹਨੂੰ ਕੀ ਅਧਿਕਾਰ ਐ? ਏਥੇ ਸੀ ਉਦੋਂ ਤਾਂ ਉਹਨੇ ਕਦੇ ਅਜਿਹਾ ਕੁਝ ਨਹੀਂ ਕੀਤਾ। ਇਹ ਮੇਰਾ ਅਪਮਾਨ ਕਰਨ ਬਰਾਬਰ ਐ। ਮੈਂ ਇਹ ਬਰਦਾਸ਼ਤ ਨਹੀਂ ਕਰ ਸਕਦੀ।

ਮਾਂ ਕੀ ਜਵਾਬ ਦਿੰਦੀ, ਬਸ ਆਪਣੀ ਧੀ ਨੂੰ ਦੇਖਦੀ ਰਹੀ।

-0-

No comments:

Post a Comment