Friday, August 5, 2011

ਭਗੀਰਥ



ਭਗੀਰਥ ਹਿੰਦੀ ਲਘੁਕਥਾ ਨਾਲ ਸ਼ੁਰੂਆਤੀ ਦੌਰ ਤੋਂ ਜੁੜੇ ਹੋਏ ਲੇਖਕ ਹਨ। ਲਘੁਕਥਾ ਸਾਹਿਤ  ਦੇ ਖੇਤਰ ਵਿੱਚ ਲੇਖਕ, ਸੰਪਾਦਕ ਤੇ ਆਲੋਚਕ ਵੱਜੋਂ ਉਹਨਾਂ ਦਾ ਕੰਮ ਬਹੁਤ ਮਹੱਤਵਪੂਰਨ ਹੈ। ਲੇਖਕ ਦੇ ਪਰੀਚੈ ਨਾਲ ਕੁਝ ਰਚਨਾਵਾਂ ਪ੍ਰਸਤੁਤ ਹਨ–ਅਗਰਵਾਲ
*******

 ਜਨਮ : 2 ਜੁਲਾਈ, 1944 (ਸੇਵਾੜੀ, ਪਾਲੀ, ਰਾਜਸਥਾਨ)
ਸਿੱਖਿਆ : ਬੀ.ਐਸ.ਸੀ., ਬੀ.ਐੱਡ., ਐਲ.ਐਲ.ਬੀ., ਐਮ.ਏ.(ਰਾਜਨੀਤੀ ਸ਼ਾਸਤਰ/ਅਰਥ ਸ਼ਾਸਤਰ)
ਪ੍ਰਮੁਖ ਵਿਧਾਵਾਂ : ਲਘੁਕਥਾ, ਵਿਅੰਗ
ਮੌਲਿਕ ਪੁਸਤਕਾਂ : ਪੇਟ ਸਬਕੇ ਹੈ( ਲਘੁਕਥਾ ਸੰਗ੍ਰਹਿ),
ਸੰਪਾਦਨ : ਲਘੁਕਥਾ ਦੇ ਪਹਿਲੇ ਸੰਗ੍ਰਹਿ ‘ਗੁਫਾਓਂ ਸੇ ਮੈਦਾਨ ਕੀ ਔਰ’ ਤੇ ਵੱਖ-ਵੱਖ ਰਾਜਾਂ ਦੇ ਪ੍ਰਮੁੱਖ ਲੇਖਕਾਂ ਨੂੰ  ਕਈ ਲਘੁਕਥਾ ਸੰਗ੍ਰਹਿ(ਆਲੋਚਨਾ ਸਹਿਤ) ਪ੍ਰਕਾਸ਼ਿਤ                                                    
ਸਨਮਾਨ:‘ਮਾਤਾ ਸਰਬਤੀ ਦੇਵੀ ਸਮ੍ਰਿਤੀ ਸਨਮਾਨ’, ‘ਪ੍ਰਿੰ. ਭਗਤ ਸਿੰਘ ਸੇਖੋਂ ਯਾਦਗਾਰੀ ਸਨਮਾਨ’ ਸਹਿਤ ਕਈ ਹੋਰ ਸਨਮਾਨ।
ਸੰਪਰਕ: 228, ਮਾਡਰਨ ਪਬਲਿਕ ਸਕੂਲ, ਨਯਾ ਬਾਜ਼ਾਰ, ਰਾਵਤਭਾਟਾ, ਵਾਇਆ ਕੋਟਾ(ਰਾਜਸਥਾਨ)-323305
ਫੋਨ: 01475-233241   ਮੋਬਾਈਲ: 09414317654
                                                  *****

ਸਿੱਖਿਆ
ਅਧਿਆਪਕ ਨੇ ਅੰਗਰੇਜ਼ੀ ਦਾ ਨਵਾਂ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਵਿਦਿਆਰਥੀਆਂ ਤੋਂ ਪੁੱਛਿਆ, ਹੋਮਵਰਕ ਕਰ ਲਿਆ?
ਚਾਲੀਆਂ ਵਿੱਚੋਂ ਦਸ ਬੱਚਿਆਂ ਨੇ ਕਿਹਾ, ਹਾਂ ਸਰ, ਕਰ ਲਿਆ।
ਬਾਕੀ ਸਾਰੇ ਬੱਚੇ ਚੁੱਪ ਰਹੇ। ਅਧਿਆਪਕ ਨੇ ਉਹਨਾਂ ਸਾਰੇ ਬੱਚਿਆ ਨੂੰ ਖੜੇ ਹੋਣ ਦਾ ਆਦੇਸ਼ ਦਿੱਤਾ ਜਿਹੜੇ ਹੋਮਵਰਕ ਕਰਕੇ ਨਹੀਂ ਆਏ ਸਨ। ਹੁਣ ਉਹ ਇੰਜ ਸਵਾਲ ਪੁੱਛਣ ਲੱਗਾ ਜਿਵੇਂ ਥਾਣੇਦਾਰ ਕਿਸੇ ਅਪਰਾਧੀ ਤੋਂ ਪੁੱਛਦਾ ਹੈ।
ਹੋਮਵਰਕ ਕਿਉਂ ਨਹੀਂ ਕੀਤਾ?ਅਧਿਆਪਕ ਨੇ ਇਕ ਤੋਂ ਕੜਕ ਕੇ ਪੁੱਛਿਆ।
ਵਿਦਿਆਰਥੀ ਚੁੱਪ। ਦੂਜੇ ਸਾਰੇ ਬੱਚੇ ਵੀ ਸਹਿਮ ਗਏ।
ਮੈਂ ਪੁੱਛਦਾ ਹਾਂ, ਹੋਮਵਰਕ ਕਿਉਂ ਨਹੀਂ ਕੀਤਾ?
ਉਹ ਫਿਰ ਚੁੱਪ।
ਓਏ ਢੀਠਾ, ਬੋਲਦਾ ਕਿਉਂ ਨਹੀਂ? ਕੀ ਜਬਾਨ ਵੱਢੀ ਗਈ? ਉਂਜ ਕਲਾਸ ਨੂੰ ਤਾਂ ਸਿਰ ’ਤੇ ਚੱਕੀ ਰੱਖਣਗੇ, ਪਰ ਪੜ੍ਹਾਈ-ਲਿਖਾਈ ਦੀ ਗੱਲ ਆਉਂਦੇ ਹੀ ਇਨ੍ਹਾਂ ਦੀ ਨਾਨੀ ਮਰ ਜਾਂਦੀ ਐ। ਬੋਲ, ਹੋਮਵਰਕ ਕਿਉਂ ਨਹੀ ਕੀਤਾ?
ਸਰ, ਭੁੱਲ ਗਿਆ! ਸੁਰੇਸ਼ ਨੇ ਡਰਦੇ-ਡਰਦੇ ਕਿਹਾ।
ਵਾਹ! ਭੁੱਲ ਗਿਆ। ਸਾਹਬਜਾਦੇ ਭੁੱਲ ਗਏ। ਰੋਟੀ ਖਾਣੀ ਕਿਉਂ ਨਹੀਂ ਭੁੱਲਿਆ? ਕਪੜੇ ਪਾਉਣੇ ਕਿਉਂ ਨਹੀਂ ਭੁੱਲਿਆ? ਦੱਸ!ਅਧਿਆਪਕ ਨੇ ਉਹਦਾ ਮਖੌਲ ਉਡਾਉਂਦੇ ਹੋਏ ਕਿਹਾ।
ਮੁੰਡਾ ਸਿਰ ਝੁਕਾ ਕੇ ਖੜਾ ਰਿਹਾ, ਅਪਰਾਧ-ਬੋਧ ਨਾਲ ਗ੍ਰਸਤ। ਅਧਿਆਪਕ ਦੂਜੇ ਬੱਚੇ ਕੋਲ ਗਿਆ।
ਓਏ ਕੁੰਦਨਾਂ, ਤੂੰ ਹੋਮਵਰਕ ਕਿਉਂ ਨਹੀਂ ਕੀਤਾ ਓਏ?
ਸਰ, ਮੈਥ ਦਾ ਕੰਮ ਬਹੁਤ ਸੀ। ਟਾਈਮ ਹੀ ਨਹੀਂ ਮਿਲਿਆ।
ਅੱਛਾ!…ਤਾਂ ਤੂੰ ਮੈਥ ਦਾ ਕੰਮ ਕਰਦਾ ਰਿਹਾ। ਇੰਗਲਿਸ਼ ਤੈਨੂੰ ਵੱਢਦੀ ਐ। ਇਹਦੇ ਲਈ ਤੇਰੇ ਕੋਲ ਟਾਈਮ ਹੀ ਨਹੀਂ। ਨਾ ਦਿਓ ਟਾਈਮ। ਇੰਗਲਿਸ਼ ਆਪਣਾ ਭੁਗਤਾਨ ਆਪ ਕਰਾ ਲੂ ਬੱਚੂ, ਸਮਝਿਆ।ਅਧਿਆਪਕ ਨੇ ਧਮਕੀ ਦਿੱਤੀ।
ਅਧਿਆਪਕ ਤੀਜੇ ਬੱਚੇ ਵੱਲ ਹੋਇਆ।
ਕਿਉਂ ਬਦ੍ਰੀ ਪ੍ਰਸਾਦ ਜੀ, ਤੁਸੀਂ ਕੰਮ ਕਿਉਂ ਨਹੀਂ ਕੀਤਾ?
ਸਰ, ਕੰਮ ਤਾਂ ਕੀਤਾ ਐ, ਪਰ ਕਾਪੀ ਘਰ ਭੁੱਲ ਆਇਆ।
ਵਾਹ! ਕੀ ਕਹਿਣਾ। ਕਿੰਨਾ ਸੋਹਣਾ ਬਹਾਨਾ ਬਣਾਇਐ। ਤੂੰ ਜ਼ਰੂਰ ਲੀਡਰ ਬਣੇਗਾ। ਪੜ੍ਹਨ ਦਾ ਕੀ ਲਾਭ ਐ। ਜਾ ਤੇ ਐਮ. ਐਲ. ਏ. ਦਾ ਇਲੈਕਸ਼ਨ ਲੜ।
ਤੇ ਤੇਰਾ ਕੀ ਕਹਿਣਾ ਹੈ?ਚੌਥੇ ਵਿਦਿਆਰਥੀ ਕੋਲ ਜਾ ਕੇ ਉਹਨੇ ਪੁੱਛਿਆ।
……
ਤੂੰ ਕੀ ਬੋਲੇਂਗਾ। ਸਾਰਾ ਦਿਨ ਅਮਰੂਦ ਤੋੜਨ ਦੇ ਚੱਕਰ ’ਚ ਮਾਰਿਆ-ਮਾਰਿਆ ਫਿਰਦਾ ਰਿਹਾ ਹੋਵੇਂਗਾ, ਜਾਂ ਫਿਰ ਬੰਟੇ ਖੇਡਦਾ ਰਿਹਾ ਹੋਵੇਂਗਾ। ਤੈਨੂੰ ਟਾਈਮ ਕਿੱਥੋਂ ਮਿਲੂਗਾ? ਚੋਰ-ਉਚੱਕੇ ਬਣੋਗੇ। ਪਿਓ ਦਾ ਨਾਂ ਰੋਸ਼ਨ ਕਰੋਗੇ। ਕਰੋ, ਮੈਨੂੰ ਕੀ।
ਦਿਨੇਸ਼, ਤੂੰ ਤਾਂ ਚੰਗਾ ਮੁੰਡਾ ਸੀ, ਤੂੰ ਕਿਉਂ ਨਹੀਂ ਕੀਤਾ?
ਸਰ, ਸਮਝ ਨਹੀਂ ਆਇਆ।
ਕਿਉਂ ਸਮਝ ’ਚ ਨਹੀਂ ਆਇਆ?ਉਸ ਨੇ ਆਵਾਜ਼ ਨੂੰ ਸਖਤ ਕਰਕੇ ਪੁੱਛਿਆ।
ਸਰ, ਕੁਝ ਵੀ ਸਮਝ ’ਚ ਨਹੀਂ ਆਇਆ।ਬੱਚੇ ਦੀ ਆਵਾਜ਼ ਕੰਬੀ।
ਮਾਂ-ਪਿਓ ਨੂੰ ਕਹਿ ਥੋੜੇ ਬਦਾਮ ਖੁਆਉਣ। ਮੈਂ ਘੰਟਾ ਭਰ ਭੌਂਕਦਾ ਰਿਹਾ ਤੇ ਤੈਨੂੰ ਕੁਝ ਸਮਝ ਹੀ ਨਹੀਂ ਆਇਆ।
ਸਾਰੇ ਮੁੰਡੇ ਸ਼ਰਮਿੰਦਾ ਤੇ ਬੇਇੱਜ਼ਤ ਹੋਏ ਮੂੰਹ ਲਮਕਾਈ ਖੜੇ ਸਨ। ਅਧਿਆਪਕ ਜੇਤੂ ਦੀ ਤਰ੍ਹਾਂ ਛਾਤੀ ਤਾਣ ਕੇ ਖੜਾ ਸੀ। ਸਜ਼ਾ ਹੋਈਚਾਲੀ ਬੈਠਕਾਂ ਤੇ ਚਾਰ-ਚਾਰ ਡੰਡੇ
ਇਕ ਮੁੰਡਾ ਸੋਚਦਾ ਹੈ ਜਿੱਥੇ ਇੰਨੀ ਦੁਰਗਤੀ ਹੋਵੇ, ਉੱਥੇ ਭਵਿਖ ਕੀ ਬਣਨਾ ਹੈ।
ਦੂਜਾ ਸੋਚਦਾ ਹੈ ਇਸ ਨਰਕ ’ਚੋਂ ਤਾਂ ਭੱਜ ਈ ਜਾਈਏ ਤਾਂ ਚੰਗਾ ਐ।
ਦੰਦ ਪੀਸਦਾ ਹੋਇਆ ਤੀਜਾ ਮੁੰਡਾ ਸੋਚਦਾ ਹੈ ਇਸ ਮਾਸਟਰ ਨੇ ਬੜਾ ਦੁਖੀ ਕੀਤਾ ਹੋਇਐ। ਇਹਦੀ ਆਕੜ ਤਾਂ ਭੰਨਣੀ ਹੀ ਪਊਗੀ।
ਚੌਥਾ ਸੋਚ ਰਿਹਾ ਹੈ ਸਕੂਲ ਹੈ ਜਾਂ ਜੇਲ। ਮੌਕੇ ਦੀ ਤਲਾਸ਼ ਐ, ਕਦੋਂ ਇਹਦੀਆਂ ਖਿੜਕੀਆਂ, ਦਰਵਾਜੇ ਤੇ ਬੈਂਚ ਤੋੜਨ ਦਾ ਸੁਭਾਗ ਪ੍ਰਾਪਤ ਹੋਵੇ।
ਪੰਜਵਾਂ ਕੁਝ ਨਹੀਂ ਸੋਚਦਾ। ਉਹ ਖੁੰਡਾ ਹੁੰਦਾ ਜਾ ਰਿਹਾ ਹੈ। ਪੂਰੀ ਤਰ੍ਹਾਂ ਮੰਦਬੁੱਧੀ।
                                               -0-



ਇਲਜ਼ਾਮ
                                               
ਫੈਕਟਰੀ ਵਿੱਚ ਵਰਕਰਜ ਕਮੇਟੀ ਦੀਆਂ ਚੋਣਾਂ ਸਨ। ਚੋਣ ਪ੍ਰਚਾਰ ਜ਼ੋਰਾਂ ਤੇ ਸੀ।
ਭਰਾ ਰਾਮ ਖਿਲਾਵਨ! ਤੂੰ ਕਿੱਥੇ ਇੱਲੈ-ਪਿੱਲੈ ਦੇ ਚੱਕਰ ’ਚ ਪੈ ਗਿਆ। ਤੂੰ ਗੋਂਡਾ ਬਸਤੀ ਦਾ ਹੈਂ, ਸਾਡਾ ਭਾਈਬੰਦ। ਜੇਕਰ ਤੂੰ ਵੀ ਇੱਲੈ-ਪਿੱਲੈ ਦੇ ਚੱਕਰ ’ਚ ਆ ਗਿਆ ਤਾਂ ਸਮਝੋ ਬਹਿ ਗਿਆ ਭੱਠਾ।
ਕਿਉਂ ਕੀ ਹੋਇਆ?ਰਾਮ ਖਿਲਾਵਨ ਨੇ ਹੈਰਾਨੀ ਨਾਲ ਪੁੱਛਿਆ।
ਓਏ ਹੋਣਾ ਕੀ ਐ। ਜੇਕਰ ਅਸੀਂ ਇੱਕ-ਦੂਜੇ ਨੂੰ ਸਪੋਰਟ ਨਹੀਂ ਕਰਾਂਗੇ ਤਾਂ ਉਹ ਸਾਡੀ ਜ਼ਮੀਨ ਯਾਨੀ ਸਾਡੇ ਤੇ ਕਾਬਜ਼ ਹੋ ਜਾਣਗੇ। ਜ਼ਰਾ ਸੋਚ ਕੇ ਦੇਖ।
ਰਾਮ ਖਿਲਾਵਨ ਸੋਚੀਂ ਪੈ ਗਿਆ।
ਸਾਨੂੰ ਮਦਰਾਸ-ਕੇਰਲਾ ਵਾਲੇ ਨੌਕਰੀ ਨਹੀਂ ਦੇਣਗੇ। ਹਿੰਦੀ ਦਾ ਵਿਰੋਧ ਕਰਨਗੇ ਤੇ ਰੋਟੀ ਸਾਡੀ ਖਾਣਗੇ।
ਰੋਟੀ ਤਾਂ ਸਭ ਆਪਣੀ ਮਿਹਨਤ ਦੀ ਖਾਂਦੇ ਨੇ।ਰਾਮ ਖਿਲਾਵਨ ਮਨ ਹੀ ਮਨ ਸੋਚਦਾ ਹੈ। ਪਰ ਸਾਹਮਣੇ ਕਹਿੰਦਾ ਹੈ, ਗੱਲ ਤਾਂ ਠੀਕ ਐ, ਪਰ ਤੁਸੀਂ ਤਾਂ ਅਖੰਡ-ਭਾਰਤ ਤੇ ਭਾਰਤੀਅਤਾ ਦੀ ਗੱਲ ਕਰਦੇ ਹੋ।
ਉਹ ਸਭ ਛੱਡ। ਵੇਖ ਉਹ ਮਦਰਾਸੀ ਕਿਸੇ ਹਾਲਤ ’ਚ ਜਿੱਤਣਾ ਨਹੀਂ ਚਾਹੀਦਾ। ਆਪਣੀ ਪੂਰੀ ਤਾਕਤ ਸਾਡੇ ਵੱਲ ਲਾ ਦੇ। ਤੁਹਾਡੇ ਚੋਣ ਖੇਤਰ ਤੋਂ ਉਹ ਨਹੀਂ ਜਿੱਤਣਾ ਚਾਹੀਦਾ। ਚੰਗਾ ਤਾਂ ਚੱਲਾਂ।
ਉਹ ਕੁਝ ਕਦਮ ਦੂਰ ਹੀ ਗਏ ਸਨ ਕਿ ਰਾਮ ਖਿਲਾਵਨ ਨੂੰ ਕੁਝ ਯਾਦ  ਗਿਆ।
ਭਰਾ ਜੀ ਇੱਕ ਗੱਲ ਦੱਸੋ। ਜੇਕਰ ਤੁਸੀਂ ਮਦਰਾਸੀਆਂ ਦੇ ਵਿਰੁੱਧ ਹੋ ਤਾਂ ਫੇਰ ਵਰਕਸ਼ਾਪ ਤੋਂ ਪਿੱਲੈ ਨੂੰ ਕਿਉਂ ਖੜਾ ਕੀਤੈ?
ਤੂੰ ਨਹੀਂ ਸਮਝੇਂਗਾ, ਇਹ ਤਾਂ ਰਾਜਨੀਤੀ ਐਉੱਥੇ ਮਦਰਾਸੀਆਂ ਦੇ ਵੋਟ ਜ਼ਿਆਦਾ ਹਨ। ਫਿਰ ਇੱਕ-ਅੱਧ ਸੀਟ ਨਹੀਂ ਦਿਆਂਗੇ ਤਾਂ ਸਾਡੇ ਤੇ ਖੇਤਰਵਾਦ ਦਾ ਇਲਜ਼ਾਮ ਲੱਗੇਗਾ। ਪਰ ਤੈਨੂੰ ਇਨ੍ਹਾਂ ਗੱਲਾਂ ਨਾਲ ਕੀ ਮਤਲਬ। ਤੂੰ ਤਾਂ ਉਂਜ ਈ ਰਾਜਨੀਤੀ ਤੋਂ ਦੂਰ ਰਹਿਨੈਂ। ਚੰਗਾ ਹੈ, ਇਸ ਗੰਦਗੀ ’ਚ ਹੱਥ ਨਾ ਹੀ ਪਾ। ਚੰਗਾ ਖਿਆਲ ਰੱਖੀਂ, ਆਪਣੀ ਜਿੱਤ ਪੱਕੀ ਹੋਣੀ ਚਾਹੀਦੀ ਐ।
ਰਾਮ ਖਿਲਾਵਨ ਸੋਚ ਰਿਹਾ ਸੀ ਕਿ ਉਸ ਨੂੰ ਰਾਜਨੀਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਕਿ ਨਹੀਂ।
                                                  -0-


ਓਵਰਟਾਈਮ
                                              
ਫੈਕਟਰੀ ਵਿੱਚ ਸ਼ਟ ਡਾਊਨ ਚੱਲ ਰਿਹਾ ਸੀ। ਓਵਰਟਾਈਮ ਜ਼ੋਰਾਂ ਤੇ ਸੀ। ਸੋਲ੍ਹਾਂ ਘੰਟਿਆਂ ਤੋਂ ਘੱਟ ਦਾ ਤਾਂ ਸਵਾਲ ਹੀ ਨਹੀਂ ਸੀ। ਮਹੀਨੇ ਵਿੱਚ ਚਾਰ ਆਠੇ ਮਾਰ ਲੈਣਾ ਤਾਂ ਮਾਮੂਲੀ ਗੱਲ ਸੀ।
ਯਾਰ ਟੰਡਨ! ਓਵਰਟਾਈਮ ਨਾ ਹੋਵੇ ਤਾਂ ਹੱਥ ਤੰਗ ਜਿਹਾ ਹੀ ਰਹਿੰਦਾ ਹੈ।ਬੱਸ ਦੀ ਲਾਈਨ ਵਿੱਚ ਖੜੇ ਇੱਕ ਮਕੈਨਿਕ ਨੇ ਦੂਜੇ ਨੂੰ ਕਿਹਾ।
ਚੱਲ-ਚੱਲ, ਬੱਸ ਆ ਗਈ।ਦੂਜੇ ਨੇ ਪਹਿਲੇ ਦੀ ਗੱਲ ਅਣਸੁਣੀ ਕਰਦਿਆਂ ਕਿਹਾ।
ਉਹ ਦੋਹੇਂ ਚੂਹਿਆਂ ਦੀ ਤਰ੍ਹਾਂ ਭੀੜ ਵਿੱਚੋਂ ਨਿਕਲਕੇ ਬੱਸ ਵਿੱਚ ਸਵਾਰ ਹੋ ਗਏ। ਟਿਕਟ ਲੈਂਦੇ-ਲੈਂਦੇ ਸਿਵਲ ਹਸਪਤਾਲ ਦਾ ਸਟਾਪ  ਗਿਆ। ਐਨੇ ਵਿੱਚ ਵਰਮਾ ਬੱਸ ਵਿੱਚ ਚੜ੍ਹਿਆ।
ਖੈਰੀਅਤ ਤਾਂ ਹੈ! ਸਵੇਰ-ਸਵੇਰੇ ਇੱਥੇ ਕਿਵੇਂ?ਪਹਿਲੇ ਮਕੈਨਿਕ ਨੇ ਪੁੱਛਿਆ।
ਉਹ ਤੋਮਰ ਹੈ ਨਾ ਵਰਕਸ਼ਾਪ ’ਚ…
ਹਾਂ-ਹਾਂ!ਪਹਿਲੇ ਨੇ ਜਗਿਆਸਾ ਪ੍ਰਗਟਾਈ।
ਉਹਦੇ ਪਿਤਾ ਜੀ ਦੀ ਡੈੱਥ ਹੋ ਗਈਕੁਝ ਦਿਨਾਂ ਤੋਂ ਬੀਮਾਰ ਸਨ। ਸਾ'ਬ ਨੂੰ ਕਹਿ ਦੇਣਾ, ਮੈਂ ਅੱਜ ਨਹੀਂ ਆ ਸਕਾਂਗਾ।
ਓਹ! ਉਹਦੇ ਮੂੰਹ ਵਿੱਚੋਂ ਅਚਾਨਕ ਹੀ ਦੁੱਖਭਰੀ ਆਹ ਨਿਕਲੀ। ਫਿਰ ਉਹ ਰਾਹ ਵਿੱਚ ਖੜੀ ਭੀੜ ਦੇ ਰੇਲੇ ਨਾਲ ਅੱਗੇ ਵਧਕੇ ਸੀਟ ਉੱਤੇ ਬੈਠ ਗਏ।
ਯਾਰ ਬਵੇਜਾ! ਪੂਰਾ ਹਫਤਾ ਖਰਾਬ ਹੋਜੂਗਾ। ਦੋ ਸੌ ਰੁਪੇ ਦਾ ਨੁਕਸਾਨ ਹੋ ਜੂ।ਦੂਜੇ ਮਕੈਨਿਕ ਨੇ ਕਿਹਾ।
ਨਾਲੇ ਕੀ ਜ਼ਰੂਰੀ ਐ ਦਾਹ-ਸੰਸਕਾਰ ’ਚ ਜਾਣਾ। ਰਾਤ ਨੂੰ ਆਪਾਂ ਦੋਨੋਂ ਉਹਦੇ ਘਰ ਬੈਠ ਆਵਾਂਗੇ। ਕਹਿ ਦਿਆਂਗੇ, ਜ਼ਰੂਰੀ ਕੰਮ ਸੀ। ਸਾ'ਬ ਨੇ ਛੁੱਟੀ ਨਹੀਂ ਦਿੱਤੀ
ਵਰਮਾ ਸੁਣ ਰਿਹਾ ਸੀ। ਉਹਦੀਆਂ ਨਾੜਾਂ ਕਸੀਆਂ ਗਈਆਂ। ਕੰਨ ਲਾਲ ਹੋ ਗਏ। ਉਹ ਬੁੜਬੁੜਾਇਆ, ਸਾਲੇ ਹਰਾਮਜਾਦੇ!
                               -0-


ਆਦਮੀ ਦੀ ਮੌਤ

ਆਦਮੀ ਪਿਆ ਹੈ, ਸਡ਼ਕ ਤੋਂ ਥੋੜਾ ਜਿਹਾ ਹਟਕੇ, ਇੱਕ ਜੰਗਲੀ ਦਰੱਖਤ ਹੇਠ। ਬਿਲਕੁਲ ਖਾਲਸ ਜ਼ਮੀਨ ਉੱਤੇ।
ਇਹ ਆਦਮੀ ਬਸਤੀ ਵਿੱਚ ਨਵਾਂ ਹੈ। ਸ਼ਰੀਰਕ ਬਣਤਰ ਤੋਂ ਆਦੀਵਾਸੀ ਭੀਲ ਲਗਦਾ ਹੈ। ਬੀਮਾਰ ਤੇ ਬੇਸਹਾਰਾ। ਪਤਾ ਨਹੀਂ ਕਿੱਥੋਂ ਆਇਆ ਹੈ? ਇਸ ਕੜਾਕੇ ਦੀ ਠੰਡ ਵਿੱਚ ਉਸਦਾ ਜ਼ਿੰਦਾ ਰਹਿਣਾ ਅਸੰਭਵ ਹੈ। ਮੇਰਾ ਸੰਵੇਦਨਸ਼ੀਲ ਮਨ ਬੇਚੈਨ ਹੋ ਉੱਠਦਾ ਹੈ।
ਨੇੜੇ ਦੀ ਛਬੀਲ ਬੰਦ ਹੈ, ਪਰ ਨਲਕਾ ਚਾਲੂ ਹੈ। ਆਸਪਾਸ ਘਾਹ ਉੱਗ ਆਇਆ ਹੈ। ਉਪਜਾਊ ਜ਼ਮੀਨ ਦੇ ਵਿਸ਼ਾਲ ਧਰਾਤਲ ਉੱਪਰ ਘਾਹ ਦਾ ਇੱਕ ਟਾਪੂ।
ਪਰ ਇਸ ਆਦਮੀ ਦੇ ਸਬੰਧ ਵਿੱਚ ਘਾਹ ਦਾ ਟਾਪੂ ਖੋਜਣ ਕਿੱਥੇ ਜਾਵਾਂ। ਮਦਰ ਟੈਰੇਸਾ ਦਾ ਧਿਆਨ ਆਇਆ ਕਿ ਕਾਸ਼ ਉਹ ਇੱਥੇ ਹੁੰਦੀ, ਤਾਂ ਮੈਂ ਧਰਮ ਸੰਕਟ ਤੋਂ ਬਚ ਜਾਂਦਾ।
ਸੈਂਕੜੇ ਲੋਕ  ਆ ਜਾ ਰਹੇ ਹਨ। ਕੋਲ ਹੀ ਮੰਦਰ ਵਿੱਚ ਅਖੰਡ ਰਮਾਇਣ ਦਾ ਪਾਠ ਚੱਲ ਰਿਹਾ ਹੈ। ਦਸਹਿਰਾ ਮਣਾਇਆ ਜਾ ਰਿਹਾ ਹੈ। ਸਾਰਾ ਕੁਝ ਇੰਜ ਚੱਲ ਰਿਹਾ ਹੈ ਜਿਵੇਂ ਕੁਝ ਹੋਇਆ ਹੀ ਨਹੀਂ ਹੈ ਕਿਤੇ ਕੋਈ ਬੇਚੈਨੀ ਨਹੀਂ।
ਰਾਤ ਹੋਣ ਤਕ ਕੰਬਲ, ਭੋਜਨ, ਦਵਾਈ ਪਹੁੰਚ ਗਏ ਸਨ। ਯਾਨੀ ਉਹ ਸਭ ਮੇਰੇ ਤੋਂ ਕਿਤੇ ਵੱਧ ਬੇਚੈਨ ਸਨ। ਉਹ ਆਪਣੀ ਆਤਮਾ ਉੱਪਰ ਪਏ ਬੋਝ ਨੂੰ ਉਤਾਰ ਦੇਣਾ ਚਾਹੁੰਦੇ ਸਨ।
ਆਦਮੀ ਦਾ ਢੋਲ ਵਰਗਾ ਪੇਟ, ਉਲਝੇ ਖੜੇ ਵਾਲ, ਦਾੜ੍ਹੀ, ਸੁੱਕਾ ਜੰਗਲੀ ਘਾਹ, ਕਾਲਾ ਸਿਆਹ ਸਰੀਰ, ਬਾਹਰ ਨੂੰ  ਝਾਕਦੇ ਪੀਲੇ-ਮੈਲੇ ਦੰਦ ਤੇ ਸੁੰਨੀਆਂ ਅੱਖਾਂ, ਅਸਮਾਨ ਵੱਲ ਤਕਦੀਆਂ ਹੋਈਆਂ। ਉਮਰ ਇਹੀ ਕੋਈ ਚੌਂਤੀ-ਪੈਂਤੀ ਵਰ੍ਹੇ। ਉਂਜ ਆਦਮੀ ਦੀ ਉਮਰ ਹਜ਼ਾਰਾਂ ਸਾਲ ਦੀ ਹੈ, ਪਰ ਕੋਈ ਜ਼ਰੂਰੀ ਨਹੀਂ ਕਿ ਉਮਰ ਵਧਣ ਨਾਲ, ਸਭਿਆਚਾਰ ਦੇ ਵਿਕਾਸ ਨਾਲ ਮਨੁੱਖਤਾ ਵਿੱਚ ਵੀ ਵਾਧਾ ਹੋਵੇਹਰ ਸਭਿਅਤਾ ਵਿੱਚ ਹਾਸ਼ੀਏ ਉੱਤੇ ਪਏ ਲੋਕਾਂ ਦੀ ਇਹੀ ਹੋਣੀ ਰਹੀ ਹੈ।
ਲੋਕ ਬੇਚੈਨ ਹਨ, ਕਿਉਂਕਿ ਇਹ ਇੱਕ ਸੰਭਾਵਨਾ ਹੈ, ਆਦਮੀ ਦੀ ਹੋਣੀ ਇਹ ਵੀ ਹੋ ਸਕਦੀ ਹੈ, ਮੇਰੀ ਵੀ। ਮੈਂ ਕੰਬ ਉੱਠਦਾ ਹਾਂ।
ਲੋਕ ਔਖ ਮਹਿਸੂਸ ਕਰ ਰਹੇ ਹਨ। ਕਈਆਂ ਨੇ ਰਾਹ ਬਦਲ ਲਿਆ ਹੈ। ਲੋਕ ਆਪਸ ਵਿੱਚ ਗੱਲਾਂ ਕਰ ਰਹੇ ਹਨ, ਕਿੱਥੋਂ ਆ ਗਿਆ? ਕੀ ਇਹਨੇ ਇੱਥੇ ਈ ਮਰਨੈ।
ਤੇ ਇੱਕ ਰਾਤ ਉਹ ਮਰ ਗਿਆ। ਰਾਤ ਦੀ ਖਾਮੋਸ਼ੀ ਵਿੱਚ ਬੱਸ ਝੀਂਗਰ ਰੋਂਦੇ ਰਹੇ। ਅਸਮਾਨ ਵੀ ਚੁੱਪਚਾਪ ਰੋਂਦਾ ਰਿਹਾ, ਹੰਝੂ ਵਹਾਉਂਦਾ ਰਿਹਾ, ਆਦਮੀ ਦੀ ਮੌਤ ਉੱਤੇ।
                        -0-



No comments:

Post a Comment