Thursday, December 24, 2009

ਸੁਰੇਸ਼ ਸ਼ਰਮਾ





ਸ਼੍ਰੀ ਸੁਰੇਸ਼ ਸ਼ਰਮਾ ਹਿੰਦੀ ਲਘੁਕਥਾ ਦੇ ਚਰਚਿਤ ਹਸਤਾਖਰ ਹਨ। ਸਾਹਿਤ ਦੇ ਖੇਤਰ ਵਿਚ ਉਹਨਾਂ ਨੇ ਆਪਣੀ ਸ਼ੁਰੁਆਤ ਭਾਵੇਂ ਕਹਾਣੀ ਲੇਖਨ ਤੋਂ ਕੀਤੀ ਪਰ ਪਿਛਲੇ 25 ਵਰ੍ਹਿਆਂ ਤੋਂ ਵੀ ਵੱਧ ਸਮੇਂ ਤੋਂ ਉਹ ਲਘੁਕਥਾ ਦੇ ਖੇਤਰ ਵਿਚ ਕਾਰਜਸ਼ੀਲ ਹਨ। ਇਸ ਲੇਖਕ ਦੀਆਂ ਕੁਝ ਰਚਨਾਵਾਂ ਆਪਦੇ ਸਾਹਮਣੇ ਪੇਸ਼ ਕਰ ਰਿਹਾ ਹਾਂ।
******* 
ਜਨਮ : 6 ਮਈ, 1938 (ਇੰਦੌਰ)
ਸਿੱਖਿਆ : ਬੀ.ਏ., ਡਿਪਲੋਮਾ ਇਨ ਸਿਵਿਲ ਇੰਜਨੀਅਰਿੰਗ
ਮੌਲਿਕ ਪੁਸਤਕਾਂ : ‘ਛੋਟੇ ਲੋਗ’, ‘ਸ਼ੋਭਾ’, ‘ਥਕੇ ਪਾਂਵ’(ਕਹਾਣੀ ਸੰਗ੍ਰਹਿ) ‘ਤ੍ਰਿਵੇਣੀ’ (ਸਾਂਝਾ ਲਘੁਕਥਾ ਸੰਗ੍ਰਹਿ)
ਸੰਪਾਦਨਾ : ‘ਕਾਲੀ ਮਾਟੀ’, ’ਬੁਜ਼ੁਰਗ ਜੀਵਨ ਕੀ ਲਘੁਕਥਾਏ’ (ਲਘੁਕਥਾ ਸੰਗ੍ਰਹਿ), ‘ਸਮਾੰਤਰ’
ਪਤ੍ਰਿਕਾ ਦਾ ਜੁਲਾਈ-ਸਿਤੰਬਰ, 2001 ਦਾ ਲਘੁਕਥਾ ਵਿਸ਼ੇਸ਼ਾਂਕ ਅਤੇ ਚਾਰ ਕਹਾਣੀ ਸੰਗ੍ਰਹਿ
ਵਿਸ਼ੇਸ਼ : ਅਨੇਕਾਂ ਪੁਰਸਕਾਰਾਂ ਤੇ ਸਨਮਾਨਾਂ ਨਾਲ ਸਨਮਾਨਤ।
ਸੰਪਰਕ :235, ਕਲਰਕ ਕਾਲੋਨੀ, ਇੰਦੌਰ (ਮੱਧ ਪ੍ਰਦੇਸ਼)-452011
ਫੋਨ: (0731) 2553260 ਮੋਬਾਈਲ: 09926080810
*******
1. ਡੰਗ
ਰਾਤ ਦੀ ਉਨੀਂਦੀ, ਥੱਕੀ-ਹਾਰੀ ਰੇਸ਼ਮਾ ਕੋਠੇ ਦੀ ਖਿੜਕੀ ਵਿਚ ਬੈਠਕੇ ਸੜਕ ਉੱਤੇ ਆਉਣ ਜਾਣ ਵਾਲਿਆਂ ਨੂੰ ਦੇਖ ਰਹੀ ਸੀ। ਤਦ ਹੀ ਉਹਦੀ ਨਿਗਾਹ ਸਾਹਮਣੇ ਮਕਾਨ ਵਿਚ ਰਹਿਣ ਵਾਲੇ ਗੋਪਾਲ ਉੱਤੇ ਪਈ। ਨੋਟ ਗਿਣਨ ਤੋਂ ਬਾਦ ਸੰਤੁਸ਼ਟ ਹੁੰਦੇ ਹੋਏ ਗੋਪਾਲ ਨੇ ਆਪਣੀ ਗਾਂ ਦੀ ਵੱਛੀ ਦੀ ਰੱਸੀ ਖਰੀਦਦਾਰ ਦੇ ਹੱਥ ਫੜਾ ਦਿੱਤੀ। ਰੱਸੀ ਫੜ ਕੇ ਜਦੋਂ ਖਰੀਦਦਾਰ ਨੇ ਵੱਛੀ ਨੂੰ ਖਿੱਚਣਾ ਸ਼ੁਰੂ ਕੀਤਾ ਤਾਂ ਨਵੇਂ ਆਦਮੀ ਦੇ ਹੱਥ ਵਿਚ ਰੱਸੀ ਦੇਖ ਵੱਛੀ ਅੜ ਗਈ। ‘ਮਾਂ…ਮਾਂ…’ ਦੀ ਦਿਲ ਚੀਰਵੀਂ ਚੀਕ ਦੇ ਨਾਲ ਰੱਸੀ ਛੁਡਾ ਕੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕਰਨ ਲੱਗੀ। ਕਈ ਵਾਰ ਰੱਸੀ ਛੁਡਾ ਕੇ ਭੱਜਣ ਵਿਚ ਉਹ ਸਫਲ ਵੀ ਰਹੀ। ਪਰੰਤੂ ਉਹਦੇ ਘਰ ਅੰਦਰ ਜਾਣ ਤੋਂ ਪਹਿਲਾਂ ਹੀ ਖਰੀਦਦਾਰ ਫੇਰ ਰੱਸੀ ਫੜ ਕੇ ਖਿੱਚਣ ਲਗਦਾ। ਅੰਤ ਵਿਚ ਮਜਬੂਰ ਹੋ ਕੇ ਖਰੀਦਦਾਰ ਨੇ ਸੋਟੀ ਲੈਕੇ ਉਹਨੂ ਬੇਰਹਿਮੀ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਮਦਦ ਲਈ ਉਹ ਗੋਪਾਲ ਵੱਲ ਵਧੀ। ਪਰ ਗੋਪਾਲ ਵੀ ਧੱਕਦੇ ਹੋਏ ਉਹਨੂੰ ਮਾਰਨ ਲੱਗਾ ਤਾਂ ਨਿਰਾਸ਼ ਹੋ ਕੇ ਹੰਝੂ ਵਹਾਉਂਦੀ ਉਹ ਚੁਪਚਾਪ ਨਵੇਂ ਮਾਲਕ ਨਾਲ ਤੁਰ ਪਈ।
ਰੇਸ਼ਮਾ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹ ਸਿਸਕਣ ਲੱਗੀ। ਉਹਦਾ ਇਹ ਹਾਲ ਦੇਖ ਕੇ ਨਾਲ ਦੀਆਂ ਕੁੜੀਆਂ ਨੇ ਹੈਰਾਨੀ ਨਾਲ ਪੁੱਛਿਆ, ਰੇਸ਼ਮਾ, ਕੀ ਹੋਇਆ? ਰੋ ਕਿਉਂ ਰਹੀ ਐਂ?
ਬਹੁਤ ਪੁੱਣ ਤੇ ਖੁਦ ਉੱਪਰ ਕਾਬੂ ਪਾਕੇ ਹੰਝੂ ਪੂੰਝਦੇ ਹੋਏ ਉਹਨੇ ਕਿਹਾ, ਕੁਝ ਨੀ ਅੜੀਏ! ਬਸ ਬਚਪਨ ਯਾਦ ਆ ਗਿਆ ਸੀ।
-0-
2. ਰਾਜਾ ਨੰਗਾ ਹੈ
ਰਾਜੇ ਨੇ ਆਪਣੇ ਮਤਹਿਤਾਂ ਨੂੰ ਬੁਲਾ ਕੇ ਕਿਹਾ, ਮੇਰੇ ਬਜ਼ੁਰਗ ਤੇ ਮੈਂ ਹਰ ਸਾਲ ਖਜ਼ਾਨੇ ਵਿੱਚੋਂ ਕਾਫੀ ਰਕਮ ਗਰੀਬਾਂ ਅਤੇ ਪਿਛੜੇ ਇਲਾਕੇ ਦੇ ਲੋਕਾਂ ਦੇ ਕਲਿਆਣ ਲਈ ਦਿੰਦੇ ਆਏ ਹਾਂ। ਮੈਂ ਇਕ ਦਿਨ ਪਿਛੜੇ ਇਲਾਕੇ ਵਿਚ ਜਾ ਕੇ ਦੇਖਣਾ ਚਾਹੁਂਦਾ ਹਾਂ ਕਿ ਤੁਸੀਂ ਅੱਜ ਤਕ ਕੀ ਕੀਤਾ ਹੈ।
ਮਤਹਿਤਾਂ ਵਿਚ ਘਬਰਾਹਟ ਫੈਲ ਗਈ। ਪਰੇਸ਼ਾਨ ਹੋ ਕੇ ਸਲਾਹ-ਮਸ਼ਵਰਾ ਕਰਨ ਲੱਗੇ। ਸੋਚਣ ਲੱਗੇ‘ਬੜਾ ਸਨਕੀ ਰਾਜਾ ਹੈ। ਅੱਜ ਤਕ ਇਸ ਦੇ ਪਿਓ-ਦਾਦਾ ਨਹੀਂ ਗਏ। ਹੁਣ ਇਹ ਜਾਵੇਗਾ ਪਿਛੜੇ ਇਲਾਕਿਆਂ ਵਿਚ!
ਰਾਜਾ ਨਿਰਧਾਰਤ ਦਿਨ ਉੱਤੇ ਆਪਣੇ ਮਤਿਹਤਾਂ ਨਾਲ ਇਕ ਪਿੰਡ ਵਿਚ ਜਾ ਪਹੁੰਚਿਆ। ਉਹ ਲੋਕਾਂ ਨੂੰ ਦੇਖ ਕੇ ਖੁਸ਼ ਹੋਇਆ ਕਿ ਸਭਨਾਂ ਨੇ ਸਾਫ-ਸੁਥਰੇ ਕਪੜੇ ਪਾਏ ਹੋਏ ਸਨ। ਪਿਡ ਵਿਚ ਪੱਕੀਆਂ ਸੜਕਾਂ ਸਨ। ਬਿਜਲੀ ਸੀ। ਸਕੂਲ ਸੀ। ਰਾਜਾ ਖੁਸ਼ ਹੋਇਆ ਕਿ ਉਸ ਦੇ ਰਾਜ ਵਿਚ ਸਭ ਖੁਸ਼ਹਾਲ ਹਨ।
ਤਦੇ ਰਾਜਾ ਨੇ ਆਪਣੇਪਣ ਨਾਲ ਪੁੱਛਿਆ, ਤੁਹਾਨੂੰ ਕੋਈ ਤਕਲੀਫ ਹੋਵੇ ਤਾਂ ਦੱਸੋ?
ਡਰੀਆਂ ਹੋਈਆਂ ਨਜ਼ਰਾਂ ਨਾਲ ਸਾਰਿਆਂ ਨੇ ਮਤਹਿਤਾਂ ਦੀਆਂ ਘੂਰਦੀਆਂ ਅੱਖਾਂ ਵੱਲ ਦੇਖਿਆ ਤੇ ਸਹਿਮ ਗਏ।
ਤੁਸੀਂ ਦੱਸੋ ਬਜ਼ਰਗੋ, ਕੀ ਤਕਲੀਫ ਹੈ ਤੁਹਾਨੂੰ?ਰਾਜਾ ਨੇ ਇਕ ਬੁੱਢੇ ਦੇ ਮੋਢੇ ਉੱਤੇ ਹੱਥ ਰਖਦਿਆਂ ਪੁੱਛਿਆ।
ਸਰਕਾਰ! ਇਹ ਦੋ-ਤਿੰਨ ਦਿਨ ਪਹਿਲਾਂ ਬਿਜਲੀ ਦੇ ਖੰਬੇ ਲੱਗੇ ਨੇ, ਬਸ ਹੁਣ ਕਨੈਕਸ਼ਨ ਮਿਲ ਜਾਵੇ ਤਾਂ ਪਿੰਡ ਵਿਚ ਰੋਸ਼ਨੀ ਹੋ ਜੂਗੀ।ਕੰਬਦੀ ਆਵਾਜ਼ ਵਿਚ ਬਜ਼ੁਰਗ ਨੇ ਕਿਹਾ ਤਾਂ ਰਾਜਾ ਦੇ ਮੱਥੇ ਉੱਤੇ ਵੱਟ ਪੈ ਗਏ ਤੇ ਮਤਹਿਤਾਂ ਦੇ ਮੱਥੇ ਉੱਤੇ ਪਸੀਨੇ ਦੀਆਂ ਬੂੰਦਾ ਉੱਭਰ ਆਈਆਂ।
ਫਿਰ ਰਾਜਾ ਨੇ ਇਕ ਬੁੱਢੀ ਔਰਤ ਨੂੰ ਪੁੱਛਿਆ, ਤੂੰ ਦੱਸ ਅੰਮਾਂ, ਤੂੰ ਕੀ ਚਾਹੁੰਦੀ ਐਂ?
ਸਾਰੇ ਪਿੰਡ ਨੂੰ ਜੋ ਇਹ ਕਪੜੇ ਵੰਡੇ ਗਏ ਨੇ, ਕਹਿੰਦੇ ਐ ਤੇਰੇ ਜਾਣ ਤੋਂ ਬਾਦ ਲੁਹਾ ਲੈਣਗੇ। ਅਸੀਂ ਬੁੱਢੇ ਤੇ ਬੱਚੇ ਤਾਂ ਬਿਨਾ ਕਪੜਿਆਂ ਤੋਂ ਰਹਿ ਲਾਂਗੇ। ਸਾਨੂੰ ਤਾਂ ਆਦਤ ਪੈ ਗੀ ਐ। ਪਰ ਪਿੰਡ ਦੀਆਂ ਜਵਾਨ ਨੂੰਹਾਂ-ਧੀਆਂ ਦੇ ਕਪੜੇ ਨਾ ਲੁਹਾਉਣਾ, ਉਹਨਾਂ ਨੂੰ ਨੰਗੀਆਂ ਨਾ ਕਰ ਦੇਣਾ, ਮਾਲਕ। ਇਹੀ ਬੇਨਤੀ ਐ ਸਰਕਾਰ!
ਬਜ਼ੁਰਗ ਔਰਤ ਦੀ ਪੂਰੀ ਗੱਲ ਸੁਣਕੇ ਰਾਜਾ ਰੋਣ-ਹਾਕਾ ਹੋ ਗਿਆ। ਦੁਖੀ ਹੋਇਆ ਹੋਲੀ ਜਿਹੇ ਬੋਲਿਆ, ਮੈਂ ਕਿਸੇ ਨੂੰ ਕੀ ਨੰਗਾ ਕਰਾਂਗਾ ਅੰਮਾਂ, ਮੈਂ ਤਾ ਆਪ ਹੀ ਨੰਗਾ ਹੋ ਗਿਆ ਹਾਂ।
-0-
3. ਪਿਤਾ-ਪ੍ਰੇਮ
ਬੇਟੇ ਨੇ ਉਹਨਾਂ ਨੂੰ ਸਾਬਨ ਨਾਲ ਨੁਹਾਇਆ। ਕਪੜੇ ਬਦਲੇ। ਨੂੰਹ ਨੇ ਨਾਸ਼ਤੇ ਵਿਚ ਕੜਾਹ ਤੇ ਦੁੱਧ ਦਿੱਤਾ। ਤਦ ਉਹਨਾਂ ਦੀ ਸਮਝ ਵਿਚ ਆਇਆ ਕਿ ਅੱਜ ਪੈਨਸ਼ਨ ਮਿਲਣ ਦਾ ਦਿਨ ਹੈ।
ਹੱਟਾ ਕੱਟਾ ਪੁੱਤਰ ਉਹਨਾਂ ਨੂੰ ਬਾਹਾਂ ਵਿਚ ਚੁੱਕ ਕੇ ਪੈਨਸ਼ਨ ਖਿੜਕੀ ਤਕ ਲੈ ਗਿਆ। ਫਾਰਮ ਉੱਤੇ ਉਹਨਾਂ ਦੇ ਨਾਂ ਸਾਹਮਣੇ ਕੰਬਦਾ ਹੱਥ ਫੜਕੇ ਅੰਗੂਠਾ ਲੁਆਇਆ। ਫਿਰ ਖੁਸ਼ ਹੁੰਦਿਆਂ ਨੋਟ ਗਿਣਕੇ ਜੇਬ ਵਿਚ ਰੱਖੇ ਤੇ ਰਿਕਸ਼ਾ ਵਾਲੇ ਨੂੰ ਕਿਹਾ, ਪਿਤਾ ਜੀ ਨੂੰ ਆਰਾਮ ਨਾਲ ਘਰ ਛੱਡ ਦੀਂ।
ਸੁਖੀ ਰਹਿ ਬੇਟੇ! ਅੱਜ ਦੇ ਜ਼ਮਾਨੇ ’ਚ ਕਿਹੜਾ ਬੇਟਾ ਬੁੱਢੇ ਬਾਪ ਦਾ ਏਨਾ ਖਿਆਲ ਰੱਖਦੈ। ਉਹਨਾਂ ਨੇ ਆਸ਼ੀਰਵਾਦ ਦਿੱਤਾ ਤੇ ਬੇਟੇ ਨੇ ਕੰਬਦਾ ਹੋਇਆ ਬੁੱਢਾ ਸਰੀਰ ਰਿਕਸ਼ੇ ਉੱਤੇ ਸੁੱਟ ਦਿੱਤਾ।
-0-
4.ਮੁਖੌਟੇ
ਜ਼ਮੀਨ-ਜਾਇਦਾਦ ਤੇ ਹੋਰ ਪਰਿਵਾਰਕ ਝਗੜਿਆਂ ਕਾਰਨ ਦੋਹਾਂ ਭਰਾਵਾਂ ਵਿਚ ਬੋਲਚਾਲ ਬੰਦ ਸੀ। ਇੱਥੋਂ ਤਕ ਕਿ ਦੋਹਾਂ ਨੇ ਇਕ ਦੂਜੇ ਦੀ ਸ਼ਕਲ ਤਕ ਨਾ ਵੇਖਣ ਦੀ ਸਹੁੰ ਖਾਈ ਹੋਈ ਸੀ। ਰਿਸ਼ਤੇਦਾਰਾਂ, ਮਿੱਤਰਾਂ ਤੇ ਜਾਣਕਾਰਾਂ ਦੀਆਂ ਉਹਨਾਂ ਵਿਚ ਮੇਲਜੋਲ ਕਰਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ। ਵੱਡਾ ਭਰਾ ਗੰਭੀਰ ਬੀਮਾਰੀ ਕਾਰਨ ਹਸਪਤਾਲ ਵਿਚ ਭਰਤੀ ਰਿਹਾ। ਤਦ ਲੋਕਾਂ ਦੇ ਸਮਝਾਉਣ ਦੇ ਬਾਵਜੂਦ ਵੀ ਛੋਟਾ ਪੰਜ-ਦਸ ਰੁਪਏ ਦਾ ਫਰੂਟ ਲੈ ਕੇ ਭਰਾ ਨੂੰ ਮਿਲਣ ਨਹੀਂ ਗਿਆ। ਅੰਤ ਛੋਟੇ ਨੂੰ ਮਿਲਣ ਦੀ ਇੱਛਾ ਮਨ ਵਿਚ ਲਈ ਵੱਡਾ ਭਰਾ ਇਕ ਦਿਨ ਚੱਲ ਵਸਿਆ।
ਘਰ ਅੰਦਰ ਚੀਕ-ਚਿਹਾੜਾ ਮੱਚਿਆ ਹੋਇਆ ਸੀ। ਬਾਹਰ ਅੰਤਮ-ਯਾਤਰਾ ਦੀ ਤਿਆਰੀ ਚੱਲ ਰਹੀ ਸੀ। ਲੋਕ ਦੁਖੀ ਮਨ ਨਾਲ ਖੜੇ ਸਨ। ਤਦ ਹੀ ਛੋਟਾ ਭਰਾ ਰੋਂਦਾ ਹੋਇਆ ਤੇਜ਼ੀ ਨਾਲ ਆਇਆ ਤੇ ਲਗਭਗ ਲਾਸ਼ ਉੱਤੇ ਡਿੱਗਦਾ ਹੋਇਆ ਦਹਾੜਾਂ ਮਾਰ ਕੇ ਰੋਣ ਲੱਗਾ, ਵੀਰ ਜੀ! ਇਉਂ ਚੁਪਚਾਪ ਕਿਓਂ ਲੇਟੇ ਹੋਏ ਓ? ਆਪਣੇ ਛੋਟੂ ਨਾਲ ਨਹੀਂ ਬੋਲੋਗੇ ਕੀ? ਇਹ ਜ਼ਮੀਨ-ਜਾਇਦਾਦ, ਧਨ-ਦੌਲਤ ਸਭ ਤੁਸੀਂ ਲੈ ਲਓ ਵੀਰ ਜੀ। ਬੋਲਦੇ ਕਿਓਂ ਨਹੀਂ ਹੋ? ਬੋਲੋ ਨਾ ਵੀਰ ਜੀ। ਕੀ ਇਸੇ ਲਈ ਆਪਣੇ ਛੋਟੇ ਨੂੰ ਪਾਲ ਪੋਸ ਕੇ, ਪੜ੍ਹਾ-ਲਿਖਾ ਕੇ ਵੱਡਾ ਕੀਤਾ ਸੀ ਕਿ ਇਸ ਤਰ੍ਹਾਂ ਰੁੱਸ ਕੇ ਚਲੇ ਜਾਓ।…
ਜ਼ੋਰ ਜ਼ੋਰ ਨਾਲ ਆਉਂਦੀ ਛੋਟੇ ਭਰਾ ਦੀ ਆਵਾਜ਼ ਸੁਣ ਕੇ ਬਾਹਰ ਖੜੇ ਲੋਕਾਂ ਦੇ ਦੁਖੀ ਚਿਹਰਿਆਂ ਉੱਤੇ ਵੀ ਮੁਸਕਾਨ ਤੈਰ ਗਈ।
-0-

No comments:

Post a Comment