Friday, August 21, 2009

ਸੁਕੇਸ਼ ਸਾਹਨੀ





ਸੁਕੇਸ਼ ਸਾਹਨੀ ਹਿੰਦੀ ਲਘੁਕਥਾ ਦਾ ਉਹ ਹਸਤਾਖਰ ਹੈ ਜਿਸਨੇ ਇਸ ਵਿਧਾ ਨੂੰ ਪ੍ਰਫੁਲਤ ਕਰਨ ਵਿਚ ਆਪਣਾ ਤਨ-ਮਨ-ਧਨ ਸਭ ਕੁਝ ਲਾਇਆ ਹੈ ਇਸ ਵਿਧਾ ਦੇ ਹਰ ਖੇਤਰ ਵਿਚ ਉਸਦਾ ਯੋਗਦਾਨ ਮਹੱਤਵਪੂਰਣ ਹੈ ਇਸ ਲੇਖਕ ਦੇ ਸੰਖੇਪ ਪਰੀਚੈ ਨਾਲ ਪ੍ਰਸਤੁਤ ਹਨ ਉਹਦੀਆਂ ਤਿੰਨ ਚਰਚਿਤ ਰਚਨਾਵਾਂ
*****

ਜਨਮ : 5 ਸਿਤੰਬਰ 1956 ਨੂੰ ਲਖਨਊ (ਉੱਤਰ ਪ੍ਰਦੇਸ਼) ਵਿਖੇ।
ਸਿਖਿਆ : ਐਮ.ਐਸ-ਸੀ (ਜਿਆਲੋਜੀ), ਡੀ.ਆਈ.ਆਈ.ਟੀ (ਐਪਲਾਈਡ
ਹਾਈਡਰਾਲੋਜੀ)
ਮੌਲਿਕ ਪੁਸਤਕਾਂ : ਦੋ ਲਘੁਕਥਾ ਸੰਗ੍ਰਹਿ ‘ਡਰੇ ਹੋਏ ਲੋਗ’(ਹਿੰਦੀ, ਪੰਜਾਬੀ, ਗੁਜਰਾਤੀ, ਮਰਾਠੀ
ਤੇ ਅੰਗ੍ਰੇ਼ਜ਼ੀ ਵਿਚ) ਤੇ ‘ਠੰਡੀ ਰਜਾਈ’( ਹਿੰਦੀ, ਪੰਜਾਬੀ ਤੇ ਅੰਗ੍ਰੇਜ਼ੀ ਵਿਚ)।
ਅਨੁਵਾਦਿਤ : ਖਲੀਲ ਜਿਬਰਾਨ ਕੀ ਲਘੁਕਥਾਏਂ ।
ਸੰਪਾਦਿਤ ਪੁਸਤਕਾਂ: ਲਘੁਕਥਾਵਾਂ ਦੀਆਂ ਅੱਧੀ ਦਰਜਨ ਤੋਂ ਵੱਧ ਪੁਸਤਕਾਂ।
ਵਿਸ਼ੇਸ਼ : ਨਾਵਲ, ਕਹਾਣੀਆਂ ਤੇ ਬਾਲ-ਕਹਾਣੀਆਂ ਦਾ ਵੀ ਲੇਖਣ। ਕੁਝ ਲਘੁਕਥਾਵਾਂ ਦਾ
ਜਰਮਨ ਭਾਸ਼ਾ ਵਿਚ ਵੀ ਅਨੁਵਾਦ। ਇੰਟਰਨੈਟ ਪਤ੍ਰਿਕਾ ‘ਲਘੁਕਥਾ. ਕਾਮ’
ਦਾ ਸੰਪਾਦਨ।
ਕਿੱਤਾ : ਭੂਗਰਭ ਜਲ ਵਿਭਾਗ ਵਿਚ ਹਾਈਡ੍ਰੋਲਾਜਿਸਟ
ਸੰਪਰਕ : 193/21, ਸਿਵਲ ਲਾਈਨਜ, ਬਰੇਲੀ (ਉੱਤਰ ਪ੍ਰਦੇਸ਼)-243001
E-mail : sahnisukesh@gmail.com

*******

1.ਗੋਸ਼ਤ ਦੀ ਗੰਧ


ਦਰਵਾਜ਼ਾ ਉਹਦੇ ਬਾਰ੍ਹਾਂ ਵਰ੍ਹਿਆਂ ਦੇ ਸਾਲੇ ਨੇ ਖੋਲ੍ਹਿਆ ਤੇ ਅਚਾਨਕ ਉਸਨੂੰ ਸਾਹਮਣੇ ਦੇਖ ਉਹ ਇੰਜ ਇੱਕਠਾ ਹੋ ਗਿਆ ਜਿਵੇਂ ਉਹਦੇ ਸਰੀਰ ਤੋਂ ਉਹਦੀ ਇੱਕੋ-ਇਕ ਨਿੱਕਰ ਵੀ ਖਿੱਚ ਲਈ ਗਈ ਹੋਵੇ। ਦਰਵਾਜ਼ੇ ਦੇ ਪਿੱਛੇ ਹੋ ਕੇ ਉਹਨੇ ਆਪਣੇ ਜੀਜੇ ਵਾਸਤੇ ਅੰਦਰ ਆਉਣ ਲਈ ਰਾਹ ਛੱਡ ਦਿੱਤਾ। ਉਹ ਆਪਣੇ ਸਾਲੇ ਦੀਆਂ ਇਸ ਉਮਰ ਵਿਚ ਹੀ ਪਿਚਕੀਆਂ ਗੱਲ੍ਹਾਂ ਤੇ ਹੱਡੀਆਂ ਦੇ ਢਾਂਚੇ ਵਰਗੇ ਸਰੀਰ ਨੂੰ ਹੈਰਾਨੀ ਨਾਲ ਵੇਖਦਾ ਰਹਿ ਗਿਆ।
ਅੰਦਰ ਜਾਂਦੇ ਸਮੇਂ ਉਹਦੀ ਨਜ਼ਰ ਬਦਰੰਗ ਦਰਵਾਜ਼ਿਆਂ ਅਤੇ ਥਾਂ-ਥਾਂ ਤੋਂ ਉੱਖੜ ਰਹੇ ਪਲਸਤਰ ਉੱਤੇ ਪਈ ਤਾਂ ਉਹ ਸੋਚੀਂ ਪੈ ਗਿਆ। ਅਗਲੇ ਕਮਰੇ ਵਿਚ ਟੁੱਟੇ-ਫੁੱਟੇ ਸੋਫੇ ਉੱਪਰ ਬੈਠਿਆਂ ਉਹਨੂੰ ਅਜੀਬ ਜਿਹਾ ਲੱਗਾ। ਉਹਨੂੰ ਲੱਗਾ, ਨਾਲ ਦੇ ਕਮਰੇ ਵਿਚ ਉਹਦੇ ਸੱਸ-ਸਹੁਰਾ ਤੇ ਪਤਨੀ ਉਹਦੇ ਅਚਾਨਕ ਆ ਜਾਣ ਉੱਤੇ ਭੈਭੀਤ ਹੋ ਕੇ ਕੰਬਦੇ ਹੋਏ ਕੁਝ ਬੁਦਬੁਦਾ ਰਹੇ ਸਨ।
ਰਸੋਈ ਵਿੱਚੋਂ ਸਟੋਵ ਦੇ ਜਲਣ ਦੀ ਆਵਾਜ਼ ਆ ਰਹੀ ਸੀ। ਇਕ ਦਮ ਤਾਜ਼ਾ ਮਾਸ ਅਤੇ ਖ਼ੂਨ ਦੀ ਮਿਲੀ-ਜੁਲੀ ਗੰਧ ਉਹਦੀਆਂ ਨਾਸਾਂ ਵਿਚ ਭਰ ਗਈ। ਉਹ ਇਸਨੂੰ ਆਪਣੇ ਮਨ ਦਾ ਵਹਿਮ ਸਮਝਦਾ ਰਿਹਾ। ਪਰ ਜਦੋਂ ਸੱਸ ਨੇ ਖਾਣਾ ਪਰੋਸਿਆ ਤਾਂ ਉਹ ਹੈਰਾਨ-ਪਰੇਸ਼ਾਨ ਦੇਖਦਾ ਹੀ ਰਹਿ ਗਿਆ। ਸਬਜ਼ੀ ਦੀਆਂ ਪਲੇਟਾਂ ਵਿਚ ਮਨੁੱਖ ਦੇ ਮਾਸ ਦੇ ਬਿਲਕੁਲ ਤਾਜ਼ਾ ਟੁਕੜੇ ਤੈਰ ਰਹੇ ਸਨ। ਬਸ, ਉਸੇ ਛਿਣ ਉਹਦੀ ਸਮਝ ਵਿਚ ਸਭ ਕੁਝ ਆ ਗਿਆ। ਸਹੁਰਾ ਸਾਹਿਬ ਪੂਰੀਆਂ ਬਾਹਾਂ ਦੀ ਕਮੀਜ਼ ਪਾ ਕੇ ਬੈਠੇ ਸਨ ਤਾਕਿ ਉਹ ਉਹਨਾਂ ਦੀਆਂ ਗੋਸ਼ਤ ਰਹਿਤ ਬਾਹਾਂ ਨੂੰ ਨਾ ਦੇਖ ਸਕੇ। ਆਪਣੀ ਤਰਫੋਂ ਉਹਨਾਂ ਨੇ ਸ਼ੁਰੂ ਤੋਂ ਹੀ ਕਾਫੀ ਹੁਸ਼ਿਆਰੀ ਵਰਤੀ ਸੀ। ਉਹਨਾਂ ਨੇ ਆਪਣੀਆਂ ਗੱਲ੍ਹਾਂ ਦੇ ਅੰਦਰੂਨੀ ਹਿੱਸੇ ਤੋਂ ਗੋਸ਼ਤ ਉਤਰਵਾਇਆ ਸੀ। ਪਰ ਅਜਿਹਾ ਕਰਨ ਨਾਲ ਗੱਲ੍ਹਾਂ ਵਿਚ ਪੈ ਗਏ ਟੋਇਆਂ ਨੂੰ ਨਹੀਂ ਸੀ ਲਕੋਅ ਸਕੇ। ਸੱਸ ਵੀ ਬੜੀ ਚਲਾਕੀ ਨਾਲ ਇਕ ਪਾਟਿਆ ਜਿਹਾ ਦੁਪੱਟਾ ਲਈ ਬੈਠੀ ਸੀ ਤਾਕਿ ਕਿੱਥੋਂ ਗੋਸ਼ਤ ਲਾਹਿਆ ਗਿਆ ਹੈ, ਪਤਾ ਹੀ ਨਾ ਲੱਗੇ। ਸਾਲਾ ਕੰਧ ਦੇ ਸਹਾਰੇ ਸਿਰ ਝੁਕਾਈ ਉਦਾਸ ਖੜਾ ਸੀ। ਉਹ ਆਪਣੀ ਉੱਚੀ ਨਿੱਕਰ ਵਿਚ ਦਿਖਾਈ ਦੇ ਰਹੇ ਮਾਸ-ਰਹਿਤ ਪੱਟਾਂ ਨੂੰ ਲਕੋਣ ਦੀ ਅਸਫਲ ਕੋਸ਼ਿਸ਼ ਕਰ ਰਿਹਾ ਸੀ। ਉਹਦੀ ਪਤਨੀ ਸਬਜੀ ਦੀ ਪਲੇਟ ਵਿਚ ਚਮਚਾ ਹਿਲਾਉਂਦੇ ਹੋਏ ਕੁਝ ਸੋਚ ਰਹੀ ਸੀ।
“ਰਾਕੇਸ਼ ਜੀ, ਲਓ ਨਾ!” ਆਪਣੇ ਸਹੁਰੇ ਦੀ ਆਵਾਜ਼ ਉਹਦੇ ਕੰਨੀਂ ਪਈ।
“ਮੈਂ ਆਦਮੀ ਦਾ ਗੋਸ਼ਤ ਨਹੀਂ ਖਾਂਦਾ।” ਪਲੇਟ ਨੂੰ ਪਰੇ ਧੱਕਦੇ ਹੋਏ ਉਹਨੇ ਕਿਹਾ। ਆਪਣੀ ਚੋਰੀ ਫੜੀ ਜਾਣ ਕਾਰਨ ਉਹਨਾਂ ਦੇ ਚਿਹਰੇ ਸਫੈਦ ਹੋ ਗਏ ਸਨ।
“ਕੀ ਹੋਇਆ ਤੁਹਾਨੂੰ?…ਸਬਜੀ ਤਾਂ ਸ਼ਾਹੀ ਪਨੀਰ ਦੀ ਹੈ।” ਪਤਨੀ ਨੇ ਹੈਰਾਨੀ ਭਰੀਆਂ ਅੱਖਾਂ ਨਾਲ ਉਹਨੂੰ ਦੇਖਦੇ ਹੋਏ ਕਿਹਾ।
“ਬੇਟਾ, ਨਰਾਜ਼ ਨਾ ਹੋ…ਅਸੀਂ ਤੁਹਾਡੀ ਖਾਤਰ ਕੁਝ ਜ਼ਿਆਦਾ ਨਹੀਂ ਕਰ ਸਕੇ…।” ਸੱਸ ਨੇ ਕਹਿਣਾ ਚਾਹਿਆ।
“ਦੇਖੋ, ਮੈਂ ਬਿਲਕੁਲ ਨਰਾਜ਼ ਨਹੀਂ ਹਾਂ।” ਉਹਨੇ ਮੁਸਕਰਾ ਕੇ ਕਿਹਾ, “ਮੈਨੂੰ ਦਿਲੋਂ ਆਪਣਾ ਪੁੱਤਰ ਸਮਝੋ ਅਤੇ ਆਪਣਾ ਮਾਸ ਪਰੋਸਣਾ ਬੰਦ ਕਰੋ। ਜੋ ਖੁਦ ਖਾਂਦੇ ਹੋ, ਉਹੀ ਖੁਆਓ। ਮੈਂ ਖੁਸ਼ੀ-ਖੁਸ਼ੀ ਖਾ ਲਵਾਂਗਾ।”
ਉਹ ਸਭ ਦੁਚਿੱਤੀ ਵਿਚ ਉਹਦੇ ਸਾਹਮਣੇ ਖੜੇ ਸਨ। ਤਦੇ ਉਹਦੀ ਨਜ਼ਰ ਆਪਣੇ ਸਾਲੇ ਉੱਤੇ ਪਈ। ਉਹ ਬਹੁਤ ਮਿੱਠੀਆਂ ਨਜ਼ਰਾਂ ਨਾਲ ਉਸ ਵੱਲ ਦੇਖ ਰਿਹਾ ਸੀ। ਸੱਸ-ਸਹੁਰਾ ਇੰਜ ਹੈਰਾਨ ਸਨ, ਜਿਵੇਂ ਕਿਸੇ ਸ਼ੇਰ ਨੇ ਅਚਾਨਕ ਉਹਨਾਂ ਨੂੰ ਆਪਣੀ ਪਕੜ ਤੋਂ ਆਜ਼ਾਦ ਕਰ ਦਿੱਤਾ ਹੋਵੇ। ਪਤਨੀ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਇਹ ਸਭ ਵੇਖਕੇ ਉਹਨੇ ਸੋਚਿਆ– ‘ਕਾਸ਼! ਗੋਸ਼ਤ ਦੀ ਇਹ ਗੰਧ ਉਹਨੂੰ ਬਹੁਤ ਪਹਿਲਾਂ ਹੀ ਆ ਗਈ ਹੁੰਦੀ।’
-0-

2.ਕਾਲਾ ਘੋੜਾ

ਆਦਮਕੱਦ ਸ਼ੀਸ਼ੇ ਦੇ ਸਾਹਮਣੇ ਉਹਨੇ ਟਾਈ ਦੀ ਨਾਟ ਨੂੰ ਠੀਕ ਕਰ, ਵਿਦੇਸ਼ੀ ਸੈਂਟ ਦੇ ਫੁਹਾਰੇ ਨਾਲ ਆਪਣੀ ਕਮੀਜ਼ ਨੂੰ ਤਰ ਕੀਤਾ । ਤਦ ਹੀ ਸ਼ਾਨੂ ਮਟਕਦਾ ਹੋਇਆ ਕੋਲ ਆਇਆ ਤੇ ਉਹਦੀਆਂ ਲੱਤਾਂ ਨਾਲ ਚਿੰਬੜ ਗਿਆ ।
“ ਰਾਮੂ…ਬਹਾਦਰ…ਸ਼ੰਕਰ…ਕਿੱਥੇ ਮਰ ਗਏ ਸਾਰੇ ਦੇ ਸਾਰੇ !” ਉਹਦੇ ਚੀਕ-ਚਿਹਾੜੇ ਨਾਲ ਘਬਰਾ ਕੇ ਦੋ ਵਰ੍ਹਿਆਂ ਦਾ ਸ਼ਾਨੂ ਜ਼ੋਰ ਜ਼ੋਰ ਨਾਲ ਰੋਣ ਲੱਗ ਪਿਆ ਸੀ । ਪਤਨੀ ਦੇ ਸਾਹਮਣੇ ਆਉਂਦੇ ਹੀ ਉਹ ਦਹਾੜਿਆ, “ ਤੈਨੂੰ ਕਿੰਨੀ ਵਾਰ ਕਿਹੈ ਕਿ ਜਿਸ ਵੇਲੇ ਮੈਂ ਫੈਕਟਰੀ ਜਾ ਰਿਹਾ ਹੋਵਾਂ, ਸ਼ਾਨੂ ਨੂੰ ਮੇਰੇ ਸਾਹਮਣੇ ਨਾ ਆਉਣ ਦਿਆ ਕਰ । ਪੈਂਟ ਦੀ ਕਰੀਜ ਖਰਾਬ ਕਰ ਕੇ ਰਖਤੀ । ਬਹਾਦਰ ਨੂੰ ਕਹਿ ਦੂਜੀ ਪੈਂਟ ਪ੍ਰੈਸ ਕਰ ਕੇ ਦੇਵੇ…ਦੇਰ ਤੇ ਦੇਰ ਹੋ ਰਹੀ ਐ ।”
“ ਚਿੱਲਾਉਂਦੇ ਕਿਉਂ ਹੋ, ਬੱਚਾ ਹੀ ਤਾਂ ਹੈ…” ਪਤਨੀ ਨੇ ਲਾਪਰਵਾਹੀ ਨਾਲ ਕਿਹਾ, “ ਸ਼ਾਮ ਨੂੰ ਛੇਤੀ ਘਰ ਆ ਜਾਣਾ… ਗੁਪਤਾ ਜੀ ਦੇ ਇੱਥੇ ਕਾਕਟੇਲ ਪਾਰਟੀ ਐ ।”
“ ਚੰਗਾ ਯਾਦ ਕਰਾਇਆ ਤੂੰ…” ਉਹ ਇਕਦਮ ਢਿੱਲਾ ਪੈ ਗਿਆ, “ ਡਾਰਲਿੰਗ ! ਅੱਜ ਸ਼ਾਮ ਨੂੰ ਸੱਤ ਵਜੇ ਅਸ਼ੋਕਾ ’ਚ ਮਿਸਟਰ ਜੌਨ ਨਾਲ ਇਕ ਮੀਟਿੰਗ ਐ । ਲਗਭਗ ਦੋ ਕਰੋੜ ਦੇ ਆਰਡਰ ਫਾਈਨਲ ਹੋਣੇ ਨੇ । ਮੈਂ ਤਾਂ ਉੱਥੇ ਬਿਜੀ ਹੋਵਾਂਗਾ । ਗੁਪਤਾ ਜੀ ਦੇ ਕਾਕਟੇਲ ’ਤੇ ਤੂੰ ਚਲੀ ਜਾਵੀਂ…ਮਾਈ ਸਵੀਟ ਸਵੀਟ ਡਾਰਲਿੰਗ ।”
“ ਬਸ…ਬਸ…ਬਟਰਿੰਗ ਰਹਿਣ ਦਿਓ । ਮੈਂ ਚਲੀ ਜਾਵਾਂਗੀ, ਪਰ ਅੱਜ ਮੰਮੀ ਦੀ ਤਬੀਅਤ ਬਹੁਤ ਖਰਾਬ ਐ । ਸ਼ਾਮ ਨੂੰ ਉਹ ਘਰ ਇੱਕਲੀ ਰਹਿ ਜਾਵੇਗੀ ।”
“ ਤੂੰ ਡਾਕਟਰ ਵਿਰਮਾਨੀ ਨੂੰ ਫੋਨ ਕਰਦੇ, ਉਹ ਕਿਸੇ ਚੰਗੀ ਨਰਸ ਦਾ ਇੰਤਜ਼ਾਮ ਕਰ ਦੇਵੇਗਾ । ਗੁਪਤਾ ਜੀ ਦੀ ਪਾਰਟੀ ’ਚ ਤੇਰਾ ਜਾਣਾ ਜ਼ਿਆਦਾ ਜ਼ਰੂਰੀ ਐ ।”
“ ਮਿਸਟਰ ਭਾਰਗਵ, ਅਜੇ ਗੱਲ ਬਣੀ ਨਹੀਂ…” ਦਫਤਰ ਪੁੱਜ ਕੇ ਉਹਨੇ ਅਕਾਉਂਟੈਂਟ ਵੱਲੋਂ ਤਿਆਰ ਕੀਤੇ ਖਾਤਿਆਂ ਨੂੰ ਵੇਖਦੇ ਹੋਏ ਕਿਹਾ, “ ਅਸੀਂ ਇਸ ਫਰਮ ਦੇ ਜਰੀਏ ਵੱਧ ਤੋਂ ਵੱਧ ਵ੍ਹਾਈਟ ਜਰਨੇਟ ਕਰਨਾ ਹੈ । ਸਾਡੀਆਂ ਦੂਜੀਆਂ ਫਰਮਾਂ ਜੋ ਬਲੈਕ ਉਗਲ ਰਹੀਆਂ ਹਨ, ਉਹਨੂੰ ਇੱਥੇ ਅਡਜਸਟ ਕਰੋ ।”
“ ਸਰ, ਕੁਝ ਮਜ਼ਦੂਰਾਂ ਨੇ ਫੈਕਟਰੀ ’ਚ ਪੱਖੇ ਲਵਾਉਣ ਦੀ ਮੰਗ ਕੀਤੀ ਐ ।” ਪ੍ਰੋਡਕਸ਼ਨ ਮੈਨੇਜਰ ਨੇ ਕਿਹਾ ।
“ ਅੱਛਾ, ਅੱਜ ਇਹ ਆਪਣੇ ਲਈ ਪੱਖੇ ਮੰਗ ਰਹੇ ਹਨ, ਕੱਲ ਨੂੰ ਕੂਲਰ ਲਵਾਉਣ ਨੂੰ ਕਹਿਣਗੇ । ਅਜਿਹੇ ਲੋਕਾਂ ਦੀ ਛੁੱਟੀ ਕਰ ਦਿਓ ।” ਉਹਨੇ ਚੁਟਕੀ ਵਜਾਉਂਦੇ ਹੋਏ ਕਿਹਾ ।
“ ਸਰ, ਫਰੈਂਕਫਰਟ ਅਤੇ ਪੈਰਿਸ ਤੋਂ ਫੈਕਸ ਆਏ ਹਨ ।” ਸਟੋਨੇ ਨੇ ਉਹਨੂੰ ਦੱਸਿਆ ।
ਤਦ ਹੀ ਫੋਨ ਦੀ ਘੰਟੀ ਵੱਜੀ ।
“ ਮੈਂ ਘਰੋਂ ਰਾਮੂ ਬੋਲ ਰਿਹੈਂ, ਸਾਬ੍ਹ ! ਮਾਂ ਜੀ ਦੀ ਤਬੀਅਤ ਬਹੁਤ…”
“ ਰਾਮੂ !” ਉਹ ਗੁੱਰਾਇਆ, “ ਤੈਨੂੰ ਕਿੰਨੀ ਵਾਰ ਕਿਹਾ ਹੈ ਕਿ ਨਿੱਕੀ ਨਿੱਕੀ ਗੱਲ ਲਈ ਮੈਨੂੰ ਡਿਸਟਰਬ ਨਾ ਕਰਿਆ ਕਰ । ਡਾਕਟਰ ਨੂੰ ਫੋਨ ਕਰਨਾ ਸੀ ।”
ਉਹਨੇ ਫੈਕਸ ਦਾ ਜਵਾਬ ਤਿਆਰ ਕਰਵਾਇਆ ਤੇ ਫਿਰ ਮੀਟਿੰਗ ਦੀ ਫਾਈਲ ਵੇਖਣ ਲੱਗਾ । ਆਪਰੇਟਰ ਨੇ ਉਹਨੂੰ ਫਿਰ ਘਰੋਂ ਟੈਲੀਫੋਨ ਆਉਣ ਦੀ ਸੂਚਨਾ ਦਿੱਤੀ ।
“ ਮਿਸਟਰ ਆਨੰਦ, ਤੁਹਾਡੀ ਮਾਂ ਦਰਦ ਨਾਲ ਬੇਹਾਲ ਹੈ…” ਡਾਕਟਰ ਵਿਰਮਾਨੀ ਲਾਈਨ ਉੱਤੇ ਸਨ, “ ਤੁਹਾਨੂੰ ਤੁਰੰਤ ਘਰ ਪਹੁੰਚਣਾ ਚਾਹੀਦਾ ਹੈ ।”
“ ਡਾਕਟਰ, ਜੋ ਕਰਨਾ ਹੈ, ਤੁਸੀਂ ਹੀ ਕਰਨਾ ਹੈ । ਉੰਜ ਵੀ ਮੈਂ ਇਕ ਜ਼ਰੂਰੀ ਮੀਟਿੰਗ ’ਚ ਜਾਣਾ ਹੈ । ਕਰੋੜਾਂ ਦਾ ਮਾਮਲਾ ਹੈ । ਮੈਂ ਘਰ ਨਹੀਂ ਆ ਸਕਾਂਗਾ । ਤੁਸੀਂ ਮਾਂ ਨੂੰ ਪੇਨ ਕਿਲਿੰਗ ਇੰਜੈਕਸ਼ਨ ਦੇ ਦਿਓ ।”
ਉਹਨੇ ਘੜੀ ਉੱਤੇ ਨਿਗਾਹ ਮਾਰੀ, ਸਾਡੇ ਛੇ ਵੱਜ ਗਏ ਸਨ । ਤਦ ਫੋਨ ਦੀ ਘੰਟੀ ਫਿਰ ਵੱਜੀ ।
“ ਆਨੰਦ ਸਾਹਬ, ਇੰਜੈਕਸ਼ਨ ਦਾ ਕੋਈ ਅਸਰ ਨਹੀਂ ਹੋ ਰਿਹਾ । ਮਾਂ ਜੀ ਨੇ ਤੁਹਾਡੇ ਨਾਂ ਦੀ ਰਟ ਲਾਈ ਹੋਈ ਹੈ । ਤੁਸੀਂ ਆ ਜਾਂਦੇ ਤਾਂ ਸ਼ਾਇਦ ਦਵਾਈ ਵੀ ਕੁਝ ਅਸਰ ਕਰ…”
“ ਡਾਕਟਰ ਤੁਸੀਂ ਹੋ ਕਿ ਮੈਂ ?” ਇਸ ਵਾਰ ਉਹ ਗੁੱਸੇ ਨਾਲ ਚੀਕਿਆ, “ ਹਰ ਮਹੀਨੇ ਇਕ ਮੋਟੀ ਰਕਮ ਤੁਹਾਨੂੰ ਕਿਸ ਲਈ ਦਿੱਤੀ ਜਾਂਦੀ ਐ ? ਤੁਹਾਨੂੰ ਮਾਂ ਲਈ ਜੋ ਜ਼ਰੂਰੀ ਲਗਦਾ ਹੈ, ਉਹ ਕਰੋ… ਇਹ ਬੁੱਢੇ ਲੋਕ ਸਮਝਦੇ ਨੇ ਕਿ ਜਿੰਨਾ ਰੌਲਾ ਪਾਉਣਗੇ, ਓਨੀ ਹੀ ਜ਼ਿਆਦਾ ਇਨ੍ਹਾਂ ਦੀ ਸੇਵਾ ਹੋਵੇਗੀ ।” ਕਹਿਕੇ ਉਹਨੇ ਰਿਸੀਵਰ ਵਾਪਸ ਸੁੱਟ ਦਿੱਤਾ ।
ਦਫ਼ਤਰ ਤੋਂ ਕਾਰ ਤਕ ਦਾ ਫਾਸਲਾ ਉਹਨੇ ਭੱਜਦੇ ਹੋਏ ਤੈਅ ਕੀਤਾ ਤੇ ਫਿਰ ਉੱਚੀ ਆਵਾਜ਼ ਵਿਚ ਡਰਾਈਵਰ ਨੂੰ ਕਿਹਾ, “ ਸੱਤ ਵਜੇ ਤਕ ਅਸ਼ੋਕਾ ਹੋਟਲ ਪਹੁੰਚਣਾ ਹੈ, ਗੋਲੀ ਦੀ ਰਫ਼ਤਾਰ ਨਾਲ ਗੱਡੀ ਭਜਾ ਲੈ ।”
-0-

3. ਠੰਡੀ ਰਜਾਈ

“ ਕੌਣ ਸੀ ?” ਉਹਨੇ ਅੰਗੀਠੀ ਵੱਲ ਹੱਥ ਫੈਲਾ ਕੇ ਸੇਕਦੇ ਹੋਏ ਪੁੱਛਿਆ ।
“ ਉਹੀ, ਸਾਹਮਣੇ ਵਾਲਿਆਂ ਦਿਓਂ,” ਪਤਨੀ ਨੇ ਕੁੜ੍ਹ ਕੇ ਸੁਸ਼ੀਲਾ ਦੀ ਨਕਲ ਉਤਾਰੀ, “ ਭੈਣ, ਰਜਾਈ ਦੇ ਦੇ, ਇਨ੍ਹਾਂ ਦੇ ਦੋਸਤ ਆਏ ਨੇ ।” ਫੇਰ ਉਹ ਰਜਾਈ ਉੱਪਰ ਲੈਂਦੀ ਹੋਈ ਬੁੜਬੁੜਾਈ, “ ਇਨ੍ਹਾਂ ਨੂੰ ਨਿੱਤ ਰਜਾਈ ਵਰਗੀ ਚੀਜ਼ ਮੰਗਦਿਆਂ ਸ਼ਰਮ ਨਹੀਂ ਆਉਂਦੀ । ਮੈਂ ਤਾਂ ਸਾਫ ਮਨ੍ਹਾ ਕਰਤਾ । ਕਹਿਤਾ, “ ਅੱਜ ਸਾਡੇ ਵੀ ਕੋਈ ਆਉਣ ਵਾਲਾ ਹੈ ।”
“ ਠੀਕ ਕੀਤਾ।” ਉਹ ਵੀ ਰਜਾਈ ਵਿਚ ਦੁਬਕਦਾ ਹੋਇਆ ਬੋਲਿਆ, “ ਇਨ੍ਹਾਂ ਲੋਕਾਂ ਦਾ ਇਹੀ ਇਲਾਜ ਐ ।”
“ ਬਹੁਤ ਠੰਡ ਐ !” ਉਹ ਬੁੜਬੁੜਾਇਆ ।
“ ਮੇਰੇ ਆਪਣੇ ਹੱਥ-ਪੈਰ ਸੁੰਨ ਹੋਈ ਜਾ ਰਹੇ ਨੇ ।” ਪਤਨੀ ਨੇ ਆਪਣੇ ਮੰਜੇ ਨੂੰ ਮਘਦੀ ਅੰਗੀਠੀ ਦੇ ਹੋਰ ਨੇੜੇ ਘੜੀਸਦੇ ਹੋਏ ਕਿਹਾ ।
“ ਰਜਾਈ ਤਾਂ ਜਿਵੇਂ ਬਿਲਕੁਲ ਬਰਫ਼ ਵਰਗੀ ਹੋ ਰਹੀ ਐ, ਨੀਂਦ ਆਵੇ ਵੀ ਤਾਂ ਕਿਵੇਂ ।” ਉਹ ਪਾਸਾ ਪਰਤਦਾ ਹੋਇਆ ਬੋਲਿਆ ।
“ ਨੀਂਦ ਦਾ ਤਾਂ ਕਿਤੇ ਪਤਾ ਈ ਨਹੀਂ ।” ਪਤਨੀ ਨੇ ਕਿਹਾ, “ ਇਸ ਠੰਡ ’ਚ ਤਾਂ ਰਜਾਈ ਵੀ ਬੇਅਸਰ ਜਿਹੀ ਹੋ ਗਈ ਐ ।”
ਜਦੋਂ ਕਾਫੀ ਦੇਰ ਤਕ ਨੀਂਦ ਨਹੀਂ ਆਈ ਤਾਂ ਉਹ ਦੋਨੋਂ ਉੱਠ ਕੇ ਬੈਠ ਗਏ ਤੇ ਅੰਗੀਠੀ ਉੱਤੇ ਹੱਥ ਸੇਕਣ ਲੱਗੇ ।
“ ਇਕ ਗੱਲ ਕਹਾਂ, ਬੁਰਾ ਤਾਂ ਨਹੀਂ ਮੰਨੇਂਗੀ ?” ਪਤੀ ਨੇ ਕਿਹਾ ।
“ ਕਿਹੋ ਜਿਹੀ ਗੱਲ ਕਰਦੇ ਓ !”
“ ਅੱਜ ਜਬਰਦਸਤ ਠੰਡ ਐ, ਸਾਹਮਣੇ ਵਾਲਿਆਂ ਦੇ ਮਹਿਮਾਨ ਵੀ ਆਏ ਨੇ । ਅਜਿਹੇ ’ਚ ਰਜਾਈ ਬਿਨਾ ਕਾਫੀ ਪਰੇਸ਼ਾਨੀ ਹੋ ਰਹੀ ਹੋਵੇਗੀ ।”
“ ਹਾਂ, ਫਿਰ ?” ਉਹਨੇ ਆਸ ਭਰੀ ਨਿਗਾਹ ਨਾਲ ਪਤੀ ਵੱਲ ਵੇਖਿਆ ।
“ ਮੈਂ ਸੋਚ ਰਿਹਾ ਸੀ…ਮੇਰਾ ਸਤਲਬ ਇਹ ਸੀ ਕਿ…ਸਾਡੇ ਕੋਲ ਇਕ ਰਜਾਈ ਫਾਲਤੂ ਹੀ ਤਾਂ ਪਈ ਐ ।”
“ ਤੁਸੀਂ ਤਾਂ ਮੇਰੇ ਮਨ ਦੀ ਗੱਲ ਕਹਿਤੀ । ਇਕ ਦਿਨ ਵਰਤਨ ਨਾਲ ਰਜਾਈ ਘਸ ਥੋੜਾ ਨਾ ਜਾਊਗੀ ।” ਉਹ ਉੱਛਲ ਕੇ ਖੜੀ ਹੋ ਗਈ, “ ਮੈਂ ਹੁਣੇ ਸੁਸ਼ੀਲਾ ਨੂੰ ਰਜਾਈ ਦੇ ਆਉਨੀ ਆਂ ।”
ਉਹ ਸੁਸ਼ੀਲਾ ਨੂੰ ਰਜਾਈ ਦੇ ਕੇ ਮੁੜੀ ਤਾਂ ਉਹਨੇ ਹੈਰਾਨੀ ਨਾਲ ਵੇਖਿਆ, ਉਹ ਉਸੇ ਠੰਡੀ ਰਜਾਈ ਵਿਚ ਘੋੜੇ ਵੇਚ ਕੇ ਸੌਂ ਰਿਹਾ ਸੀ ।
ਉਹ ਵੀ ਉਬਾਸੀਆਂ ਲੈਂਦੀ ਹੋਈ ਆਪਣੇ ਬਿਸਤਰ ਵਿਚ ਘੁਸ ਗਈ । ਉਹਨੂੰ ਹੈਰਾਨੀ ਹੋਈ, ਰਜਾਈ ਕਾਫੀ ਗਰਮ ਸੀ ।
-0-

No comments:

Post a Comment