Friday, August 21, 2009

ਰਾਮੇਸ਼ਵਰ ਕੰਬੋਜ ਹਿਮਾਂਸ਼ੁ


ਰਾਮੇਸ਼ਵਰ ਕੰਬੋਜ ਹਿਮਾਂਸ਼ੁ ਹਿੰਦੀ ਲਘੂਕਥਾ ਦੇ ਮਹੱਤਵਪੂਰਨ ਹਸਤਾਖਰ ਹਨ ਉਹਨਾਂ ਦਾ ਪਰੀਚੈ ਤੇ ਤਿੰਨ ਰਚਨਾਵਾਂ ਪਾਠਕਾਂ ਦੇ ਰੂਬਰੂ ਕਰ ਰਿਹਾ ਹਾਂ
********
ਜਨਮ : 19 ਮਾਰਚ, 1949
ਸਿਖਿਆ : ਐਮ.ਏ.(ਹਿੰਦੀ), ਬੀ.ਐੱਡ
ਮੌਲਿਕ ਪੁਸਤਕਾਂ : ਲਘੂਕਥਾ ਸੰਗ੍ਰਹਿ ‘ਅਸਭਿਅ ਨਗਰ’ ਤੋਂ ਇਲਾਵਾ ਚਾਰ ਕਾਵਿ ਸੰਗ੍ਰਹਿ, ਦੋ ਲਘੂ ਨਾਵਲ ਤੇ ਇਕ ਵਿਅੰਗ ਸੰਗ੍ਰਹਿ ।
ਸੰਪਾਦਨ : ਈ.ਪਤ੍ਰਿਕਾ- ਲਘੂਕਥਾ.ਕਾਮ(ਹਿੰਦੀ ਲਘੂਕਥਾ ਦੀ ਵੈਬ ਸਾਈਟ), ਬੱਚਿਆਂ ਲਈ ਬਲਾਗਰ-http://patang-ki-udan.blogspot.com/
ਵਿਸ਼ੇਸ਼ : ਅਨੇਕਾਂ ਰਚਨਾਵਾਂ ਦਾ ਪੰਜਾਬੀ, ਗੁਜਰਾਤੀ, ਉਰਦੂ ਤੇ ਨੇਪਾਲੀ ਵਿਚ ਅਨੁਵਾਦ । ਕਈ ਸੰਸਥਾਵਾਂ ਵੱਲੋਂ ਸਨਮਾਨਤ ।
39 ਵਰ੍ਹਿਆਂ ਦੇ ਅਧਿਆਪਨ-ਕਾਰਜ ਮਗਰੋਂ ‘ਸੈਂਟਰਲ ਸਕੂਲ’ ਤੋਂ ਪ੍ਰਿੰਸੀਪਲ ਵੱਜੋਂ ਸੇਵਾ ਮੁਕਤ ।
ਸੰਪਰਕ : 37, ਬੀ/2, ਰੋਹਿਣੀ, ਸੈਕਟਰ 17, ਨਵੀਂ ਦਿੱਲੀ-110089
ਈ.ਮੇਲ : rdkamboj@gmail.com ਮੋਬਾਈਲ : 09313727493
**********
ਤਿੰਨ ਰਚਨਾਵਾਂ ਪਾਠਕਾਂ ਦੇ ਰੂਬਰੂ ਕਰ ਰਿਹਾ ਹਾਂ ।
********


1. ਖਾਮੋਸ਼ੀ
ਅੱਜ ਨਤੀਜਾ ਘੋਸ਼ਤ ਹੋਣਾ ਸੀ । ਸਵੇਰ ਤੋਂ ਹੀ ਵਿਦਿਆਰਥੀਆਂ ਤੇ ਮਾਪਿਆਂ ਦਾ ਇਕੱਠ ਹੋ ਗਿਆ ਸੀ । ਪਰੀਖਿਆ ਇੰਚਾਰਜ ਮੋਹਨ ਸਿੰਘ ਲਿਸਟ ਹੱਥ ਵਿਚ ਲੈਕੇ ਮੰਚ ਉੱਪਰ ਮਾਈਕ ਦੇ ਸਾਹਮਣੇ ਪਹੁੰਚੇ ।
ਸ਼੍ਰੀ ਖੰਡੇਲਵਾਲ ਅੱਠ-ਦਸ ਵਿਗੜੇ ਵਿਦਿਆਰਥੀਆਂ ਨਾਲ ਥੋੜੇ ਫਾਸਲੇ ਉੱਤੇ ਖੜੇ ਸਨ । ਇਹਨਾਂ ਵਿਦਿਆਰਥੀਆਂ ਦੇ ਫੇਲ੍ਹ ਹੋਣ ਦੀ ਸੰਭਾਵਨਾ ਸੀ । ਮੋਹਨ ਸਿੰਘ ਫੇਲ੍ਹ ਹੋਣ ਵਾਲੇ ਵਿਦਿਆਰਥੀਆਂ ਦੇ ਨਾਂ ਪੜ੍ਹਦੇ ਗਏ । ਫੁਸਫੁਸਾਹਟ ਸ਼ੁਰੂ ਹੋ ਗਈ । ਖੰਡੇਲਵਾਲ ਦੇ ਚਹੇਤੇ ਬਹੁਤੇ ਅਵਾਰਾ ਵਿਦਿਆਰਥੀ ਫੇਲ੍ਹ ਹੋ ਗਏ ਸਨ ।
ਮੋਹਨ ਸਿੰਘ ਨੇ ਫੇਲ੍ਹ ਵਿਦਿਆਰਥੀਆਂ ਵਿਚ ਆਖਰੀ ਨਾਂ ਰਾਮ ਸਿੰਘ ਦਾ ਬੋਲਿਆ ਤਾਂ ਇਕ ਦਮ ਖਾਮੋਸ਼ੀ ਛਾ ਗਈ । ਉਹਨਾਂ ਨੇ ਲਿਸਟ ਮੋੜ ਕੇ ਜੇਬ ਵਿਚ ਪਾਈ ਤੇ ਮੰਚ ਉੱਤੋਂ ਉਤਰ ਆਏ । ਰਾਮ ਸਿੰਘ ਉਹਨਾਂ ਦਾ ਆਪਣਾ ਬੇਟਾ ਸੀ ।
-0-

2. ਗੰਗਾ-ਇਸ਼ਨਾਨ

ਦੋ ਜਵਾਨ ਪੁੱਤਰ ਮਰ ਗਏ । ਦਸ ਸਾਲ ਪਹਿਲਾਂ ਪਤੀ ਵੀ ਚਲਾ ਗਿਆ । ਦੌਲਤ ਦੇ ਨਾਂ ਉੱਤੇ ਬਚੀ ਸੀ ਇਕ ਸਿਲਾਈ ਮਸ਼ੀਨ । ਸੱਤਰ ਸਾਲਾ ਬੁੱਢੀ ਪਾਰੋ, ਪਿੰਡ ਵਾਲਿਆਂ ਦੇ ਕਪੜੇ ਸਿਉਂਦੀ ਰਹਿੰਦੀ । ਬਦਲੇ ਵਿਚ ਕੋਈ ਚੌਲ ਦੇ ਜਾਂਦਾ, ਕੋਈ ਕਣਕ ਜਾਂ ਬਾਜਰਾ । ਸਿਲਾਈ ਕਰਦੇ ਸਮੇਂ ਉਹਦੀ ਕਮਜ਼ੋਰ ਗਰਦਨ ਡਮਰੂ ਦੀ ਤਰ੍ਹਾਂ ਹਿਲਦੀ ਰਹਿੰਦੀ । ਦਰਵਾਜੇ ਅੱਗੋਂ ਜੋ ਵੀ ਲੰਘਦਾ, ਉਹ ਉਸ ਨੂੰ ‘ਰਾਮ ਰਾਮ’ ਕਹਿਣਾ ਨਾ ਭੁੱਲਦੀ ।
ਰਹਿਮ ਦਿਖਾਉਣ ਵਾਲਿਆਂ ਨਾਲ ਉਹਨੂੰ ਚਿੜ ਸੀ । ਬੱਚੇ ਦਰਵਾਜੇ ਉੱਤੇ ਆ ਕੇ ਊਧਮ ਮਚਾਉਂਦੇ, ਪਰ ਪਾਰੋ ਉਹਨਾਂ ਨੂੰ ਕਦੇ ਬੁਰਾ-ਭਲਾ ਨਾ ਕਹਿੰਦੀ । ਉਹ ਤਾਂ ਸਗੋਂ ਖੁਸ਼ ਹੁੰਦੀ । ਪ੍ਰਧਾਨ ਜੀ ਕੁੜੀਆਂ ਦੇ ਸਕੂਲ ਲਈ ਚੰਦਾ ਇਕੱਠਾ ਕਰਨ ਲਈ ਨਿਕਲੇ ਤਾਂ ਪਾਰੋ ਦੇ ਘਰ ਦੀ ਹਾਲਤ ਵੇਖ ਕੇ ਪਿਘਲ ਗਏ, “ ਦਾਦੀ, ਤੂੰ ਕਹੇਂ ਤਾਂ ਤੈਨੂੰ ਬੁਢਾਪਾ ਪੈਨਸ਼ਨ ਦਿਵਾਉਣ ਦੀ ਕੋਸ਼ਿਸ਼ ਕਰਾਂ ?”
ਪਾਰੋ ਜ਼ਖ਼ਮੀ ਜਿਹੀ ਹੋ ਕੇ ਬੋਲੀ, “ ਪ੍ਰਮਾਤਮਾ ਨੇ ਦੋ ਹੱਥ ਦਿੱਤੇ ਹਨ । ਮੇਰੀ ਮਸ਼ੀਨ ਅੱਧਾ ਪੇਟ ਰੋਟੀ ਤਾਂ ਦੇ ਹੀ ਦਿੰਦੀ ਹੈ । ਮੈਂ ਕਿਸੇ ਅੱਗੇ ਹੱਥ ਨਹੀਂ ਅੱਡਾਂਗੀ । ਕੀ ਤੂੰ ਇਹੀ ਕਹਿਣ ਆਇਆ ਸੀ ?”
“ ਮੈਂ ਤਾਂ ਕੁੜੀਆਂ ਦੇ ਸਕੂਲ ਲਈ ਚੰਦਾ ਲੈਣ ਆਇਆ ਸੀ । ਪਰ ਤੇਰੇ ਘਰ ਦੀ ਹਾਲਤ ਵੇਖ ਕੇ…।”
“ ਤੂੰ ਕੁੜੀਆਂ ਦਾ ਸਕੂਲ ਬਣਵਾਏਂਗਾ ?” ਪਾਰੋ ਦੇ ਝੁਰੜੀਆਂ ਭਰੇ ਚਿਹਰੇ ਉੱਤੇ ਸਵੇਰ ਦੀ ਧੁੱਪ ਖਿੜ ਗਈ ।
“ ਹਾਂ, ਇਕ ਦਿਨ ਜ਼ਰੂਰ ਬਣਵਾਊਂਗਾ ਦਾਦੀ । ਬਸ ਤੇਰਾ ਅਸ਼ੀਰਵਾਦ ਚਾਹੀਦੈ ।”
ਪਾਰੋ ਗੋਡੇ ਉੱਤੇ ਹੱਥ ਰੱਖਕੇ ਉੱਠੀ ਅਤੇ ਆਲੇ ਵਿਚ ਰੱਖੀ ਜੰਗ-ਖਾਧੀ ਸੰਦੂਕੜੀ ਚੁੱਕ ਲਿਆਈ । ਕਾਫੀ ਦੇਰ ਉਲਟ-ਪੁਲਟ ਕਰਨ ਤੇ ਇਕ ਬਟੂਆ ਨਿਕਲਿਆ । ਬਟੂਏ ਵਿੱਚੋਂ ਤਿੰਨ ਸੌ ਰੁਪਏ ਕੱਢ ਕੇ, ਪਾਰੋ ਨੇ ਪ੍ਰਧਾਨ ਜੀ ਦੀ ਹਥੇਲੀ ਉੱਤੇ ਰੱਖ ਦਿੱਤੇ, “ ਪੁੱਤਰ! ਸੋਚਿਆ ਸੀ, ਮਰਨ ਤੋਂ ਪਹਿਲਾਂ ਗੰਗਾ-ਇਸ਼ਨਾਨ ਲਈ ਜਾਵਾਂਗੀ । ਉਸੇ ਲਈ ਜੋੜ ਕੇ ਇਹ ਪੈਸੇ ਰੱਖੇ ਸਨ ।”
“ ਤਾਂ ਇਹ ਪੈਸੇ ਮੈਨੂੰ ਕਿਉਂ ਦੇ ਰਹੀ ਐਂ ? ਗੰਗਾ ਇਸ਼ਨਾਨ ਨੂੰ ਨਹੀਂ ਜਾਣਾ ?”
“ ਪੁੱਤਰ, ਤੂੰ ਸਕੂਲ ਬਣਵਾਏਂ ! ਇਸ ਤੋਂ ਵੱਡਾ ਗੰਗਾ-ਇਸ਼ਨਾਨ ਹੋਰ ਕੀ ਹੋਵੇਗਾ !” ਕਹਿਕੇ ਪਾਰੋ ਫਿਰ ਕਪੜੇ ਸਿਉਣ ਲੱਗ ਪਈ ।
-0-

3.ਵੱਡਪਣ

ਬਾਪੂ ਦੇ ਅਚਾਨਕ ਆ ਜਾਣ ਕਾਰਨ ਘਰਵਾਲੀ ਸੜ-ਭੁਜ ਗਈ, ‘ਲਗਦੈ ਬੁੱਢੇ ਨੂੰ ਪੈਸਿਆਂ ਦੀ ਲੋੜ ਆ ਪਈ ਐ, ਨਹੀਂ ਤਾਂ ਕਿਹੜਾ ਆਉਣ ਵਾਲਾ ਸੀ । ਆਪਣੇ ਢਿੱਡ ਦਾ ਟੋਆ ਤਾਂ ਭਰਦਾ ਨਹੀਂ, ਘਰਦਿਆਂ ਦਾ ਖੂਹ ਕਿੱਥੋਂ ਭਰਾਂਗੇ ?’
ਮੈਂ ਨਜ਼ਰਾਂ ਚੁਰਾ ਕੇ ਦੂਜੇ ਪਾਸੇ ਵੇਖਣ ਲੱਗੈ । ਬਾਪੂ ਨਲਕੇ ਤੋਂ ਹੱਥ-ਮੂੰਹ ਧੋ ਕੇ ਰਾਹ ਦੀ ਥਕਾਵਟ ਦੂਰ ਕਰ ਰਿਹਾ ਸੀ । ਇਸ ਵਾਰ ਮੇਰਾ ਹੱਥ ਕੁਝ ਜ਼ਿਆਦਾ ਹੀ ਤੰਗ ਹੋ ਗਿਆ ਸੀ । ਵੱਡੇ ਮੁੰਡੇ ਨੂੰ ਬੂਟ ਚਾਹੀਦੇ ਹਨ । ਉਹ ਸਕੂਲ ਜਾਣ ਲੱਗਾ ਰੋਜ਼ ਬੁੜਬੁੜ ਕਰਦਾ ਹੈ । ਘਰਵਾਲੀ ਦੇ ਇਲਾਜ ਲਈ ਪੂਰੀ ਦਵਾਈ ਨਹੀਂ ਖਰੀਦੀ ਜਾ ਸਕੀ । ਬਾਪੂ ਨੇ ਵੀ ਹੁਣ ਹੀ ਆਉਣਾ ਸੀ ।
ਘਰ ਵਿਚ ਭਾਰੀ ਚੁੱਪ ਪਸਰੀ ਹੋਈ ਸੀ । ਰੋਟੀ ਖਾਣ ਮਗਰੋਂ ਬਾਪੂ ਨੇ ਮੈਨੂੰ ਕੋਲ ਬੈਠਣ ਦਾ ਇਸ਼ਾਰਾ ਕੀਤਾ । ਮੈਨੂੰ ਸ਼ੱਕ ਸੀ ਕਿ ਕੋਈ ਪੈਸਿਆਂ ਦਾ ਮਸਲਾ ਲੈ ਕੇ ਆਇਆ ਹੋਵੇਗੈ । ਬਾਪੂ ਕੁਰਸੀ ਤੇ ਢੋਅ ਲਾ ਕੇ ਬੈਠ ਗਿਆ, ਬਿਲਕੁਲ ਬੇਫ਼ਿਕਰ ।
“ਸੁਣ,” ਕਹਿਕੇ ਉਸਨੇ ਮੇਰਾ ਘਿਆਨ ਆਪਣੇ ਵੱਲ ਖਿੱਚਿਆ । ਮੈਂ ਸਾਹ ਰੋਕ ਕੇ ਉਸ ਵੱਲ ਵੇਖਣ ਲੱਗਾ । ਨਸ-ਨਸ ਕੰਨ ਬਣ ਕੇ ਅਗਲਾ ਵਾਕ ਸੁਣਨ ਲਈ ਚੌਕਸ ਸੀ ।
ਬਾਪੂ ਬੋਲਿਆ, “ਖੇਤੀ ਦੇ ਕੰਮ ਵਿਚ ਬਿਲਕੁਲ ਵਿਹਲ ਨਹੀਂ ਮਿਲਦੀ । ਇਸ ਵੇਲੇ ਕੰਮ ਦਾ ਜ਼ੋਰ ਹੈ…ਰਾਤ ਦੀ ਗੱਡੀਓਂ ਈ ਵਾਪਸ ਜਾਊਂਗਾ । ਤਿੰਨ ਮਹੀਨਿਆਂ ਤੋਂ ਤੇਰੀ ਕੋਈ ਚਿੱਠੀ ਨਹੀਂ ਆਈ । ਜਦੋਂ ਤੂੰ ਪਰੇਸ਼ਾਨ ਹੁਨੈਂ, ਤਦ ਈ ਇੰਜ ਕਰਦੈਂ ।”
ਬਾਪੂ ਨੇ ਜੇਬ ਵਿੱਚੋਂ ਸੌ-ਸੌ ਦੇ ਦਸ ਨੋਟ ਕੱਢ ਕੇ ਮੇਰੇ ਵੱਲ ਕੀਤੇ, “ ਰੱਖ ਲੈ । ਤੇਰੇ ਕੰਮ ਆ ਜਾਣਗੇ । ਝੋਨਾ ਚੰਗਾ ਹੋ ਗਿਆ ਸੀ । ਘਰੇ ਕੋਈ ਦਿੱਕਤ ਨਹੀਂ ਹੈ । ਤੂੰ ਬੜਾ ਕਮਜ਼ੋਰ ਲੱਗ ਰਿਹੈਂ । ਚੱਜ ਨਾਲ ਖਾਇਆ ਕਰ । ਵਹੁਟੀ ਦਾ ਵੀ ਖਿਆਲ ਰੱਖ ।”
ਮੈਂ ਕੁਝ ਨਾ ਬੋਲ ਸਕਿਆ । ਸ਼ਬਦ ਜਿਵੇਂ ਸੰਘ ਵਿਚ ਹੀ ਫਸ ਗਏ ਹੋਣ । ਮੈਂ ਕੁਝ ਕਹਿੰਦਾ, ਇਸ ਤੋਂ ਪਹਿਲਾਂ ਹੀ ਬਾਪੂ ਨੇ ਪਿਆਰ ਨਾਲ ਝਿੜਕਿਆ, “ ਲੈ ਲੈ ! ਬਹੁਤ ਵੱਡਾ ਹੋ ਗਿਐਂ ਕੀ ?”
“ ਨਹੀਂ ਤਾਂ,” ਮੈਂ ਹੱਥ ਵਧਾਇਆ । ਬਾਪੂ ਨੇ ਰੁਪਏ ਮੇਰੀ ਤਲੀ ਉੱਤੇ ਰੱਖ ਦਿੱਤੇ । ਵਰ੍ਹਿਆਂ ਪਹਿਲਾਂ ਬਾਪੂ ਮੈਨੂੰ ਸਕੂਲ ਭੇਜਣ ਲਈ ਇਸੇ ਤਰ੍ਹਾਂ ਤਲੀ ਉੱਤੇ ਧੇਲੀ ਰੱਖ ਦਿਆ ਕਰਦਾ ਸੀ । ਪਰ ਉਸ ਵੇਲੇ ਮੇਰੀਆਂ ਨਜ਼ਰਾਂ ਅੱਜ ਵਾਂਗ ਨੀਵੀਆਂ ਨਹੀਂ ਹੁੰਦੀਆਂ ਸਨ ।
-0-

No comments:

Post a Comment