Friday, August 21, 2009

ਘਨਸ਼ਿਆਮ ਅਗਰਵਾਲ


ਘਨਸ਼ਿਆਮ ਅਗਰਵਾਲ ਮੁੱਖ ਰੂਪ ਵਿਚ ਹਾਸ-ਵਿਅੰਗ ਕਵੀ ਵੱਜੋਂ ਜਾਣੇ ਜਾਂਦੇ ਹਨ ਉਹ ਆਰੰਭ ਤੋਂ ਹੀ ਲਘੂਕਥਾਵਾਂ ਵੀ ਲਿਖਦੇ ਰਹੇ ਹਨ ਆਪਣੇ ਲਘੂਕਥਾ ਸੰਗ੍ਰਹਿ ‘ਅਪਨੇ-ਅਪਨੇ ਸਪਨੇ’ ਰਾਹੀਂ ਉਹਨਾਂ ਨੇ ਆਪਣੀ ਨਵੀਂ ਪਛਾਣ ਬਣਾਈ ਹੈ
*****
ਜਨਮ : 4 ਸਿਤੰਬਰ 1942
ਸਿਖਿਆ : ਐਮ.ਏ., ਐਮ.ਕਾਮ
ਮੌਲਿਕ ਪੁਸਤਕਾਂ : 1) ‘ਅਪਨੇ-ਅਪਨੇ ਸਪਨੇ’ (ਲਘੂਕਥਾ ਸੰਗ੍ਰਹਿ) 2) ‘ਹੰਸੀ ਘਰ ਕੇ ਆਇਨੇ’ (ਹਾਸ-
ਵਿਅੰਗ ਸੰਗ੍ਰਹਿ) 3) ‘ਆਜ਼ਾਦੀ ਕੀ ਦੁਮ’ (ਹਾਸ-ਵਿਅੰਗ ਕਾਵਿ ਸੰਗ੍ਰਹਿ)
ਵਿਸ਼ੇਸ਼ : ਭੋਪਾਲ ਦੂਰਦਰਸ਼ਨ ਲਈ ਕੁਝ ਸੀਰੀਅਲਾਂ ਦਾ ਲੇਖਣ। ਦੇਸ਼ ਦੀਆਂ ਲਗਭਗ ਸਾਰੀਆਂ
ਪ੍ਰਮੁਖ ਅਖਬਾਰਾਂ ਤੇ ਪਤ੍ਰਿਕਾਵਾਂ ਵਿਚ ਰਚਨਾਵਾਂ ਪ੍ਰਕਾਸ਼ਿਤ। ਦੇਸ਼ ਦੀਆਂ ਕਈ ਪ੍ਰਮੁੱਖ
ਸੰਸਥਾਵਾਂ ਵੱਲੋਂ ਸਨਮਾਨਤ।
ਸੰਪਰਕ : ਅਲਸੀ ਪਲਾਟਸ, ਅਕੋਲਾ (ਮਹਾਰਾਸ਼ਟਰ)-444004
ਫੋਨ: 0724-2437899 ਮੋਬਾਈਲ: 09422860199
******

1. ਰੋਟੀ ਦਾ ਸੁਫਨਾ

ਅੱਧੀ ਛੁੱਟੀ ਵੇਲੇ ਸਾਰੇ ਬੱਚੇ ਘੇਰਾ ਬਣਾ ਕੇ ਬੈਠ ਜਾਂਦੇ ਤੇ ਨਾਲ ਲਿਆਂਦੀ ਰੋਟੀ ਰਲ-ਮਿਲ ਕੇ ਖਾਂਦੇ, ਖੇਡਦੇ ਤੇ ਗੱਲਾਂ ਕਰਦੇ। ਇਹਨਾਂ ਵਿੱਚੋਂ ਸਭ ਤੋਂ ਵੱਧ ਛੋਟੀ ਹੀ ਬੋਲਦੀ ਸੀ।
ਛੋਟੀ ਆਪਣੇ ਕਈ ਭੈਣ-ਭਰਾਵਾਂ ਨਾਲ ਝੌਂਪੜਪੱਟੀ ਦੀ ਇਕ ਨਿੱਕੀ ਜਿਹੀ ਝੌਂਪੜੀ ਵਿਚ ਰਹਿੰਦੀ ਸੀ। ਉਹਨੂੰ ਉਹ ਸਿਰਫ ਇਸ ਲਈ ਘਰ ਕਹਿ ਸਕਦੀ ਸੀ ਕਿ ਉਹ ਫੁਟਪਾਥ ਉੱਤੇ ਨਹੀਂ ਸੀ। ਸਾਕੀ ਸੁਵਿਧਾਵਾਂ ਧੁੱਪ, ਪਾਣੀ ਤੇ ਹਵਾ ਫੁਟਪਾਥ ਵਰਗੀਆਂ ਹੀ ਸਨ। ਛੋਟੀ ਦਾ ਪਿਓ ਕਿਤੇ ਭੱਜ ਗਿਆ ਸੀ। ਮਾਂ ਤੇ ਵੱਡੀ ਭੈਣ ਭਾਂਡੇ-ਸਫਾਈ ਦਾ ਕੰਮ ਕਰਦੀਆਂ ਸਨ। ਛੋਟੀ ਅਜੇ ਭਾਂਡੇ-ਬਹੁਕਰ ਕਰਨ ਲਾਇਕ ਨਹੀਂ ਸੀ ਹੋਈ। ਅਜੇ ਉਹ ਆਪ ਹੀ ਇਕ ਨਿੱਕੇ ਜਿਹੇ ਬਰਤਨ ਵਰਗੀ ਦਿੱਸਦੀ ਸੀ। ਇਸਲਈ ਹੀ ਪ੍ਰਾਇਮਰੀ ਸਕੂਲ ਵਿਚ ਪੜ੍ਹਨ ਜਾਂਦੀ ਸੀ। ਉਹ ਅੱਧੀ ਛੁੱਟੀ ਲਈ ਰੋਟੀ ਨਹੀਂ ਲਿਆ ਸਕਦੀ ਸੀ। ਉਹਦੇ ਕਪੜੇ ਜ਼ਰੂਰ ਦੂਜੇ ਬੱਚਿਆਂ ਦੇ ਕਪੜਿਆਂ ਨਾਲੋਂ ਘਟੀਆ ਤੇ ਗੰਦੇ ਰਹਿੰਦੇ, ਪਰ ਉਹਦੇ ਚਿਹਰੇ ਦੀ ਮਾਸੂਮੀਅਤ ਦੂਜੇ ਬੱਚਿਆਂ ਤੋਂ ਘੱਟ ਨਹੀਂ ਸੀ। ਬਾਕੀ ਬੱਚੇ ਵੀ ਅਜੇ ਇੰਨੇ ਵੱਡੇ ਨਹੀਂ ਸਨ ਹੋਏ ਕਿ ਉਹ ਊਚ-ਨੀਚ ਤੇ ਅਮੀਰ-ਗਰੀਬ ਦੇ ਫਰਕ ਨੂੰ ਸਮਝ ਸਕਣ। ਇਸਲਈ ਉਹ ਛੋਟੀ ਨੂੰ ਵੀ ਆਪਣੇ ਨਾਲ ਖਾਣਾ ਖਵਾਉਂਦੇ।
ਛੋਟੀ ਪੜ੍ਹਾਈ ਵਿਚ ਤਾਂ ਜ਼ਿਆਦਾ ਹੁਸ਼ਿਆਰ ਨਹੀਂ ਸੀ. ਪਰ ਉਹ ਇੱਧਰ-ਉੱਧਰ ਦੀਆਂ ਗੱਲਾਂ ਬਹੁਤ ਮਗਨ ਹੋ, ਚੇਹਰੇ ਦੇ ਭਾਵ ਬਣਾ ਬਣਾ ਸੁਣਾਉਂਦੀ। ਦੂਜੇ ਬੱਚੇ ਝਿਜਕ ਕਾਰਨ ਕੁਝ ਘੱਟ ਹੀ ਬੋਲਦੇ, ਇਸਲਈ ਛੋਟੀ ਦਾ ਪ੍ਰਭਾਵ ਉਹਨਾਂ ਉੱਤੇ ਪੈ ਜਾਂਦਾ। ਇਸਲਈ ਵੀ ਉਹ ਛੋਟੀ ਨੂੰ ਅਕਸਰ ਆਪਣੇ ਕੋਲ ਬੁਲਾਉਂਦੇ ਤੇ ਉਹਦੇ ਨੇੜੇ ਬੈਠਣ ਲਈ ‘ਕੁਰਸੀ ਦੌੜ ਦੀ ਰਿਹਰਸਲ’ ਕਰ ਲੈਂਦੇ। ਛੋਟੀ ਨੂੰ ਭਾਵੇਂ ਨਾ ਪਤਾ ਹੋਵੇ, ਪਰ ਉਹਦੇ ਨਿੱਕੇ ਜਿਹੇ ਮਨ ਵਿਚ ਜ਼ਰੂਰ ਇਹ ਗੱਲ ਘਰ ਕਰ ਗਈ ਸੀ ਕਿ ਇਹਨਾਂ ਦਾ ਖਾਂਦੀ ਹਾਂ ਤਾਂ ਇਹਨਾਂ ਨੂੰ ਗੱਲਾਂ ਸੁਣਾ ਕੇ ਰਿਝਾਉਣਾ ਵੀ ਚਾਹੀਦਾ ਹੈ। ਤੇ ਉਹ ਹਰ ਰੋਜ਼ ਰਿਝਾਉਂਦੀ ਵੀ ਸੀ।
ਛੋਟੀ ਅਕਸਰ ਰਾਤ ਨੂੰ ਵੇਖੇ ਸੁਫਨੇ ਦੀਆਂ ਗੱਲਾਂ ਕਰਦੀ। ਕਦੇ ਕਹਿੰਦੀ, ਸੁਫਨੇ ਵਿਚ ਉਹਨੇ ਦਰੱਖਤ ਉੱਤੇ ਰੋਟੀਆਂ ਲੱਗੀਆਂ ਵੇਖੀਆਂ। ਕਦੇ ਕਹਿੰਦੀ, ਸੁਫਨੇ ਵਿਚ ਉਹਨੇ ਇਕ ਅਜਿਹੀ ਰੇਲਗੱਡੀ ਵੇਖੀ, ਜਿਸ ਵਿਚ ਪਹੀਆਂ ਦੀ ਜਗ੍ਹਾ ਰੋਟੀਆਂ ਲੱਗੀਆਂ ਸਨ। ਤੇ ਕਦੇ ਕਹਿੰਦੀ ਕਿ ਇਕ ਰਾਕਸ਼ਸ ਆ ਕੇ ਉਹਦੀਆਂ ਸਾਰੀਆਂ ਰੋਟੀਆਂ ਲੈ ਗਿਆ। ਤੇ ਕਦੇ ਕਹਿੰਦੀ, ‘ਅੱਜ ਸੁਫਨੇ ਵਿਚ ਇਕ ਪਰੀ ਆਈ। ਉਹਨੇ ਮੈਨੂੰ ਜਾਦੂ ਦੀ ਇਕ ਛੜੀ ਦਿੱਤੀ, ਜਿਸਨੂੰ ਘੁਮਾਉਂਦੇ ਹੀ ਮੇਰੇ ਕੋਲ ਢੇਰ ਸਾਰੀਆਂ ਰੋਟੀਆਂ ਆ ਗਈਆਂ। ਤੇ ਫਿਰ ਅਸੀਂ ਸਾਰੇ ਉਨ੍ਹਾਂ ਰੋਟੀਆਂ ਨੂੰ ਖਾਣ ਲੱਗੇ ਤੇ ਉਨ੍ਹਾਂ ਨਾਲ ਖੇਡਣ ਲੱਗੇ।’
ਇਕ ਦਿਨ ਉਹ ਸੁਫਨਾ ਸੁਣਾ ਰਹੀ ਸੀ–“ਕੱਲ੍ਹ ਮੈਂ ਸੁਫਨੇ ’ਚ ਇਕ ਰੋਟੀ ਅਜਿਹੀ ਵੇਖੀ ਕਿ …”
“ਠਹਿਰ, ਰੁਕ ਜਰਾ ਛੋਟੀ! ਤੂੰ ਹਰ ਰੋਜ਼ ਰੋਟੀ ਦੇ ਈ ਸੁਫਨੇ ਸੁਣਾਉਨੀ ਰਹਿਨੀਂ ਐਂ, ਕੀ ਤੈਨੂੰ ਦੂਜੇ ਸੁਫਨੇ ਨਹੀਂ ਆਉਂਦੇ?” ਇਕ ਬੱਚੇ ਨੇ ਪੁੱਛਿਆ।
“ਕੀ ਦੂਜੇ ਸੁਫਨੇ ਵੀ ਹੁੰਦੇ ਹਨ?” ਹੈਰਾਨੀ ਤੇ ਭੋਲੇਪਨ ਨਾਲ ਭਰਿਆ ਛੋਟੀ ਦਾ ਜੁਆਬ ਵੀ ਸੀ ਤੇ ਸਵਾਲ ਵੀ।
-0-

2. ਗੁਬਾਰੇ ਦੀ ਖੇਡ


ਛੋਟੇ ਬੱਚਿਆਂ ਦਾ ਪਿਆਰਾ ਖਿਡੌਣਾ ਗੁਬਾਰਾ ਹੁੰਦਾ ਹੈ। ਉਹ ਆਪਣੇ ਵਰਗੇ ਹੀ ਗੋਲ ਮਟੋਲ ਗੁਬਾਰੇ ਨੂੰ ਛੂਹੰਦਾ ਹੈ ਤਾਂ ਇਓਂ ਖੁਸ਼ ਹੁੰਦਾ ਹੈ, ਜਿਵੇਂ ਦੋਸਤ ਨਾਲ ਹੱਥ ਮਿਲਾਇਆ ਹੋਵੇ। ਗੁਬਾਰੇ ਦੇ ਨਾਲ ਉਹਦੀਆਂ ਅੱਖਾਂ ਵਿਚ ਹੈਰਾਨੀ, ਚਮਕ, ਚਹਿਕ ਤੇ ਮੁਸਕਾਨ ਫੈਲਣ ਲਗਦੀ ਹੈ। ਗੁਬਾਰਾ ਮਿਲਦੇ ਹੀ ਉਹਦੇ ਰੋਮ ਰੋਮ ਵਿੱਚੋਂ ‘ਥੈਂਕ ਯੂ!’ ਝਰਨ ਲਗਦਾ ਹੈ। ਤਦ ਉਹ ਬੜਾ ਪਿਆਰਾ, ਮਿੱਠਾ ਤੇ ਚੰਗਾ ਚੰਗਾ ਲੱਗਣ ਲੱਗਦਾ ਹੈ। ਇਸੇ ਚਾਅ ਨਾਲ ਮੇਰੀ ਜੇਬ ਵਿਚ ਪੰਜ-ਸੱਤ ਗੁਬਾਰੇ ਪਏ ਹੀ ਰਹਿੰਦੇ ਹਨ। ਘਰ, ਗੁਆਂਢ ਜਾਂ ਜਾਣ-ਪਛਾਣ ਦਾ ਕੋਈ ਬੱਚਾ ਜਦੋਂ ਕੋਲ ਆਉਂਦਾ ਹੈ ਤਾਂ ਮੈਂ ਉਸਨੂੰ ਗੁਬਾਰਾ ਦਿੰਦਾ ਹਾਂ। ਗੁਬਾਰਾ ਫੁਲਾਉਣ, ਧਾਗਾ ਬੰਨ੍ਹਣ ਤੇ ਉਸਨੂੰ ਦੇਣ ਤੱਕ ਇਕ ਮਿੰਟ ਦੀ ਇਹ ਬਚਕਾਨੀ ਦੋਸਤੀ ਕੁਝ ਕੁਝ ਮੇਰੀ ਆਦਤ ਵਿਚ ਸ਼ੁਮਾਰ ਹੋ ਗਈ ਹੈ।
ਕਦੇ ਕਦੇ ਮੈਂ ਘਰ ਦੇ ਬੱਚੇ ਨਾਲ ਇਕ ਖੇਡ ਖੇਡਦਾ ਹਾਂ। ਟਾਫੀ ਅਤੇ ਗੁਬਾਰਾ ਦੋਨੋਂ ਵਿਖਾਉਂਦੇ ਹੋਏ, ਪਹਿਲਾਂ ਉਸਨੂੰ ਲਲਚਾਉਂਦਾ ਹਾਂ। ਉਹ ਹੱਥ ਅੱਗੇ ਵਧਾਉਂਦਾ ਹੈ ਤਾਂ ਮੈਂ ਆਪਣਾ ਹੱਥ ਪਿੱਛੇ ਖਿੱਚ ਕੇ ਕਹਿੰਦਾ ਹਾਂ, “ਨਹੀਂ, ਕੋਈ ਇਕ। ਗੁਬਾਰਾ ਜਾਂ ਟਾਫੀ!” ਬੱਚਾ ਦੁਚਿੱਤੀ ਵਿਚ ਪੈ ਜਾਂਦਾ ਹੈ। ਟਾਫੀ ਦੀ ਮਿਠਾਸ ਤੇ ਗੁਬਾਰੇ ਦੀ ਛੂਹ, ਉਹ ਦੋਹਾਂ ਵਿਚ ਉਲਝ ਜਾਂਦਾ ਹੈ। ਕਦੇ ਇੱਧਰ ਹੱਥ ਵਧਾਉਂਦਾ ਹੈ, ਕਦੇ ਉੱਧਰ। ਰੋਣਹੱਕੇ ਹੋਣ ਦੀ ਹੱਦ ਤੱਕ ਉਸਨੂੰ ਤਰਸਾਉਂਦੇ ਹੋਏ, ਅੰਤ ਵਿਚ ਟਾਫੀ ਅਤੇ ਗੁਬਾਰਾ ਦੋਨੋਂ ਉਸਨੂੰ ਦੇ ਦਿੰਦਾ ਹਾਂ। ਇਸ ਦੂਹਰੀ ਖੁਸ਼ੀ ਨਾਲ ਉਹ ਚੌਗਣਾ ਚਹਿਕਦਾ ਹੈ। ਉਹਦੀ ਚਹਿਕ ਓਵਰ-ਫਲੋ ਹੋ ਕੇ ਵਗਣ ਲਗਦੀ ਹੈ। ਆਪਣੇ ਮਜ਼ੇ ਲਈ ਉਹਨੂੰ ਇੰਨੀ ਦੇਰ ਤਰਸਾਇਆ, ਇਸ ਮਾਸੂਮ-ਜਿਹੇ ਅਪਰਾਧ ਬੋਧ ਨੂੰ ਦੂਰ ਕਰਨ ਲਈ ਮੈਂ ਬੱਚੇ ਨੂੰ ਚੁੰਮ ਲੈਂਦਾ ਹਾਂ।
ਉਸ ਦਿਨ ਦੋ-ਢਾਈ ਸਾਲ ਦਾ ਕਾਲੇ ਗੁਬਾਰੇ ਵਰਗਾ ਭਿਖਾਰੀ ਦਾ ਬੱਚਾ ਦਰਵਾਜੇ ਅੱਗੇ ਹੱਥ ਫੈਲਾਈ ਖੜਾ ਸੀ। ਭਿਖਾਰੀ ਦਾ ਬੱਚਾ ਤੁਰਨਾ ਸਿੱਖਦੇ ਹੀ ਕਮਾਉਣਾ ਸਿੱਖ ਜਾਂਦਾ ਹੈ। ਮੈਨੂੰ ਤਰਸ ਆਇਆ। ਉਸਨੂੰ ਇਕ ਰੁਪਿਆ ਦੇਣ ਲਈ ਜੇਬ ਵਿਚ ਹੱਥ ਪਾਇਆ ਤਾਂ ਮੇਰਾ ਹੱਥ ਜੇਬ ਵਿਚ ਪਏ ਗੁਬਾਰੇ ਉੱਤੇ ਪਿਆ। ਸੋਚਿਆ, ਇਹ ਬੱਚਾ ਕਦੇ ਗੁਬਾਰੇ ਨਾਲ ਨਹੀਂ ਖੇਡਿਆ ਹੋਵੇਗਾ। ਇਹਦੇ ਹੱਥ ਵਿਚ ਪੈਸੇ ਤੇ ਰੋਟੀ ਕਈ ਵਾਰ ਆਏ ਹੋਣਗੇ, ਪਰ ਗੁਬਾਰਾ ਭਲਾ ਕੌਣ ਭੀਖ ਵਿਚ ਦਿੰਦਾ ਹੈ! ਅੱਜ ਅਚਾਨਕ ਗੁਬਾਰਾ ਲੈ ਕੇ ਉਹ ਕਿੰਨਾ ਖੁਸ਼ ਹੋਵੇਗਾ! ਦੂਜੇ ਬੱਚਿਆਂ ਦੀ ਤਰ੍ਹਾਂ ਉਹਦੀਆਂ ਅੱਖਾਂ ਵੀ ਹੈਰਾਨੀ, ਚਮਕ, ਚਹਿਕ ਤੇ ਮੁਸਕਾਨ ਨਾਲ ਫੈਲ ਜਾਣਗੀਆਂ। ਇੱਧਰ ਉੱਧਰ ਵੇਖਿਆ, ਕੋਈ ਨਹੀਂ ਸੀ। ਉਸਨੂੰ ਦੁਗਣੀ ਖੁਸ਼ੀ ਦੇਣ ਦੇ ਖਿਆਲ ਨਾਲ ਮੈਂ ਇਕ ਹੱਥ ਵਿਚ ਰੁਪਿਆ ਤੇ ਦੂਜੇ ਹੱਥ ਵਿਚ ਗੁਬਾਰਾ ਲਿਆ ਤੇ ਕਿਹਾ, “ਕੋਈ ਵੀ ਇਕ ਲੈ ਲੈ, ਗੁਬਾਰਾ ਜਾਂ ਰੁਪਿਆ।”
ਗੁਬਾਰੇ ਨੂੰ ਇੰਨਾ ਨੇੜਿਓਂ ਵੇਖ ਕੇ ਉਹ ਰੋਮਾਂਚਿਤ ਹੋਈ ਜਾ ਰਿਹਾ ਸੀ, ਪਰ ਉਸਦੀ ਤਲੀ ਨੂੰ ਰੁਪਏ ਦੀ ਆਦਤ ਸੀ। ਇਕ ਪਾਸੇ ਉਸਦਾ ਜੀਵਨ ਸੀ, ਦੂਜੇ ਪਾਸੇ ਉਸਦਾ ਸੁਫਨਾ। ਉਹ ਚੋਣ ਨਹੀਂ ਕਰ ਸਕਿਆ। ਕਦੇ ਇਸ ਹੱਥ ਵੱਲ ਤੇ ਕਦੇ ਉਸ ਹੱਥ ਵੱਲ ਵੇਖਦਾ ਰਿਹਾ। ਘਰ ਦੇ ਬੱਚੇ ਦੀ ਤਰ੍ਹਾਂ ਉਹ ਰੋਣਹੱਕਾ ਤਾਂ ਨਹੀਂ ਹੋ ਸਕਦਾ ਸੀ। ਉਸਦਾ ਹੱਥ ਕਿਸੇ ਪਾਸੇ ਵਧਿਆ ਨਹੀਂ, ਫੈਲਿਆ ਹੀ ਰਹਿ ਗਿਆ। ਕੁਝ ਦੇਰ ਤਰਸਾਉਣ ਮਗਰੋਂ ਆਖਰ ਮੈਂ ਰੁਪਿਆ ਤੇ ਗੁਬਾਰਾ ਦੋਨੋਂ ਉਸ ਨੂੰ ਦੇ ਦਿੱਤੇ। ਸੋਚਿਆ, ਉਹ ਵੀ ਚੌਗਣਾ ਚਹਿਕ ਕੇ ਓਵਰ-ਫਲੋ ਹੋ ਕੇ ਵਗਣ ਲੱਗੇਗਾ। ਜਿਵੇਂ ਇਕ ਹੱਥ ਵਿਚ ਰੋਟੀ ਅਤੇ ਇਕ ਹੱਥ ਵਿਚ ਸੁਫਨਾ ਲੈਕੇ ਉਸਨੇ ਦੁਨੀਆਂ ਮੁੱਠੀ ਵਿਚ ਕਰ ਲਈ ਹੋਵੇ।
ਪਰ ਉਹਦੀਆਂ ਅੱਖਾਂ ਵਿਚ ਕੋਈ ਚਮਕ ਨਹੀਂ ਸੀ। ਉਹ ਚੁਪਚਾਪ ਰੁਪਿਆ ਤੇ ਗੁਬਾਰਾ ਲੈ ਅਜੀਬ ਜਿਹੀਆਂ ਨਜ਼ਰਾਂ ਨਾਲ ਵੇਖਦਿਆਂ ਮੇਰੇ ਉੱਤੇ ਇਕ ਮਾਸੂਮ ਜਿਹਾ ਇਲਜ਼ਾਮ ਲਾ ਕੇ ਚਲਾ ਗਿਆ, “ਜੇ ਦੋਨੋਂ ਹੀ ਦੇਣੇ ਸਨ ਤਾਂ ਫੇਰ ਏਨੀ ਦੇਰ ਤਰਸਾਇਆ ਕਿਉਂ? ਤੇ ਜਦੋਂ ਤਰਸਾਇਆ ਹੀ ਸੀ ਤਾਂ ਫੇਰ ਮੈਨੂੰ ਚੁੰਮਿਆ ਕਿਉਂ ਨਹੀਂ ਆਪਣੇ ਬੱਚੇ ਦੀ ਤਰ੍ਹਾਂ?”
-0-

3. ਕਿਫਾਇਤ

ਉੱਥੇ ਬੜੀ ਭੁੱਖਮਰੀ ਸੀ। ਜਿਸ ਕੋਲ ਅਨਾਜ ਦੇ ਕੁਝ ਦਾਣੇ ਹੁੰਦੇ ਉਹੀ ਧਨਵਾਨ ਕਹਾਉਣ ਲਗਦਾ। ਇਕ ਪਲੜੇ ਵਿਚ ਮਰਿਆਦਾ, ਨੈਤਿਕਤਾ, ਮਮਤਾ ਤੇ ਇੱਜ਼ਤ ਰੱਖ ਦਿੰਦੇ ਤੇ ਦੂਜੇ ਪਲੜੇ ਵਿਚ ਰੋਟੀ, ਤਾਂ ਰੋਟੀ ਵਾਲਾ ਪਲੜਾ ਝੁਕ ਜਾਂਦਾ ਸੀ।
ਅਜਿਹੇ ਵਿਚ ਭੁੱਖ ਨਾਲ ਵਿਲਕਦੀ ਇਕ ਜਵਾਨ ਕੁੜੀ ਨੇ ਇਕ ਅਧਖੜ ਧਨਵਾਨ ਨੂੰ ਕਿਹਾ, “ਚਾਰ ਰੋਟੀਆਂ ਦੇ ਦਿਓ, ਬਹੁਤ ਭੁੱਖ ਲੱਗੀ ਐ।” ਏਨਾ ਕਹਿੰਦੇ ਹੋਏ ਉਹ ਉਸਦੇ ਨੇੜੇ ਹੋ ਗਈ। ਆਦਮੀ ਨੇ ਉਹਦੀ ਗੱਲ ਸੁਣੀ-ਅਣਸੁਣੀ ਕਰ ਦਿੱਤੀ।
“ਚਾਰ ਰੋਟੀਆਂ ਦੇ ਦਿਓ, ਬਹੁਤ ਭੁੱਖ ਲੱਗੀ ਐ।” ਇਸ ਵਾਰ ਉਹਨੇ ਆਪਣੇ ਸਿਰ ਤੋਂ ਪੱਲਾ ਗਿਰਾਉਂਦੇ ਹੋਏ ਉਸ ਆਦਮੀ ਦਾ ਹੱਥ ਫੜ ਜਿਹਾ ਲਿਆ।
ਆਦਮੀ ਨੇ ਉਸ ਉੱਪਰ ਭਰਪੂਰ ਨਿਗਾਹ ਮਾਰਦੇ ਹੋਏ ਕਿਹਾ, “ਅਜੇ ਮੂਡ ਨਹੀਂ, ਘੰਟੇ ਬਾਦ ਆਵੀਂ, ਉਦੋਂ ਵੇਖੂੰਗਾ।”
ਕੁੜੀ ਆਸ਼ਾ-ਨਿਰਾਸ਼ਾ ਦੀ ਸਥਿਤੀ ਵਿਚ ਚਲੀ ਗਈ। ਉਹਦੇ ਜਾਂਦੇ ਹੀ ਆਦਮੀ ਬੁੜਬੁੜਾ ਉੱਠਿਆ, “ਸਾਲੀ ਇਕ ਘੰਟਾ ਹੋਰ ਭੁੱਖੀ ਰਹੂਗੀ ਤਾਂ ਦੋ ਰੋਟੀਆਂ ’ਚ ਈ ਮੰਨ ਜੂਗੀ।”
ਆਪਣੀ ਇਸ ਕਿਫਾਇਤ ਉੱਤੇ ਉਹ ਮੁਸਕਰਾ ਉੱਠਿਆ।
-0-

No comments:

Post a Comment