Friday, August 21, 2009

ਡਾ. ਸਤੀਸ਼ ਦੁਬੇ


ਡਾ.ਸਤੀਸ਼ ਦੁਬੇ ਹਿੰਦੀ ਲਘੁਕਥਾ ਦੇ ਮੰਨੇ-ਪ੍ਰਮੰਨੇ ਹਸਤਾਖਰ ਹਨ।ਜਿੱਥੇ ਉਹਨਾਂ ਨੇ ਪੰਜ ਸ੍ਰੇਸ਼ਟ ਲਘੁਕਥਾ ਸੰਗ੍ਰਹਿ ਸਾਹਿਤ ਜਗਤ ਨੂੰ ਦਿੱਤੇ ਹਨ, ਉੱਥੇ ਆਲੋਚਨਾ ਦੇ ਖੇਤਰ ਵਿਚ ਵੀ ਉਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ।ਪੇਸ਼ ਹਨ ਉਹਨਾਂ ਦੀਆਂ ਕੁਝ ਚਰਚਿਤ ਰਚਨਾਵਾਂ।
**********


ਜਨਮ : 12 ਨਵੰਬਰ 1940 (ਇੰਦੌਰ)

ਸਿੱਖਿਆ : ਐਮ.ਏ. (ਹਿੰਦੀ/ਸਮਾਜਸ਼ਾਸਤਰ), ਪੀ.ਐਚ.ਡੀ.

ਮੌਲਿਕ ਪੁਸਤਕਾਂ : ਸਿਸਕਤਾ ਉਜਾਸ, ਭੀੜ ਮੇਂ ਖੋਯਾ ਆਦਮੀ, ਰਾਜਾ ਭੀ ਲਾਚਾਰ ਹੈ, ਪ੍ਰੇਕਸ਼ਾਗ੍ਰਹਿ, ਸਮਕਾਲੀਨ

ਸੌ ਲਘੁਕਥਾਏਂ (ਲਘੁਕਥਾ ਸੰਗ੍ਰਹਿ), ਚੌਣਵੀਆਂ ਮਿੰਨੀ ਕਹਾਣੀਆਂ ਦੇ ਅਨੁਵਾਦਿਤ ਸੰਗ੍ਰਹਿ

ਪੰਜਾਬੀ, ਮਰਾਠੀ ਤੇ ਗੁਜਰਾਤੀ ਭਾਸ਼ਾਵਾਂ ਵਿਚ ਪ੍ਰਕਾਸ਼ਿਤ। ਇਕ ਨਾਵਲ, ਪੰਜ ਕਹਾਣੀ

ਸੰਗ੍ਰਹਿ ਸਮੇਤ 20 ਤੋਂ ਵੱਧ ਪੁਸਤਕਾਂ ਪ੍ਰਕਾਸ਼ਿਤ।

ਸੰਪਾਦਨਾ : ‘ਆਠਵੇਂ ਦਸ਼ਕ ਕੀ ਲਘੁਕਥਾਏਂ’

ਵਿਸ਼ੇਸ਼ : ਅਨੇਕਾਂ ਪ੍ਰਤਿਸ਼ਠਿਤ ਪੁਰਸਕਾਰਾਂ ਤੇ ਸਨਮਾਨਾਂ ਨਾਲ ਸਨਮਾਨਤ।

ਸੰਪਰਕ : 766, ਸੁਦਾਮਾ ਨਗਰ, ਇੰਦੌਰ (ਮੱਧ ਪ੍ਰਦੇਸ਼)-452009

ਫੋਨ: (0731) 2482314 ਮੋਬਾਈਲ: 09617597211

******


1. ਜੋਧਾ


ਅਫਸਰ ਦੀ ਮਰਜ਼ੀ ਅਨੁਸਾਰ ਫਾਈਲਾਂ ਪੁੱਟਅਪ ਨਾ ਕਰਨ ਕਾਰਣ ਉਹਨੂੰ ਝੂਠੇ ਦੋਸ਼ ਲਾ ਕੇ ਸਸਪੈਂਡ ਕਰ ਦਿੱਤਾ ਗਿਆ ਸੀ। ਇਸੇ ਗ਼ਮ ਕਾਰਣ ਉਹ ਜੀਵਨ ਤੋਂ ਨਿਰਾਸ਼ ਹੋ ਕੇ ਮੰਜੇ ਉੱਤੇ ਲੇਟਿਆ ਹੋਇਆ ਸੀ।

ਬਿੰਦੂ! ਮੈਂ ਲੜਦੇ-ਲੜਦੇ ਜ਼ਿੰਦਗੀ ਤੋਂ ਹਾਰ ਗਿਆ ਹਾਂ। ਮੈਂ ਜਿਉਣਾ ਨਹੀਂ ਚਾਹੁੰਦਾ।ਉਹਦੀਆਂ ਅੱਖਾਂ ਵਿਚ ਹੰਝੂ ਭਰ ਆਏ ਸਨ।

ਪਤਨੀ ਚੁੱਪ ਸੀ।

ਤੂੰ ਵੀ ਮੇਰੀ ਪਰਵਾਹ ਨਹੀ ਕਰ ਰਹੀ!

ਨਹੀਂ ਤਾਂ!

ਉੱਪਰ ਕੀ ਵੇਖ ਰਹੀ ਐਂ?

ਘੜੀ ਵੱਲ ਵੇਖੋ ਨਾ

ਉਹਨੇ ਕੰਧ ਉੱਤੇ ਲੱਗੀ ਪੁਰਾਣੀ ਘੜੀ ਵੱਲ ਵੇਖਦਿਆਂ ਸਵਾਲ ਕੀਤਾ, ਕੀ ਹੈ ਉੱਥੇ?

ਵੇਖੋ ਨਾ, ਪੈਂਡਲਮ 'ਤੇ ਚੂਹਾ ਚੜ੍ਹ ਗਿਆ। ਉਹ ਵੇਖੋ, ਵਕਤ ਨਾਲ ਕਿਵੇਂ ਲੜ ਰਿਹੈ…ਉਹ ਚਾਹੁੰਦਾ ਹੈ ਕਿ ਚਲਦੇ ਸਮੇਂ ਨੂੰ ਵੀ ਰੋਕ ਦੇਵੇ।

ਉਹਨੇ ਇਕ ਵਾਰ ਬਿੰਦੂ ਵੱਲ ਵੇਖਿਆ, ਫਿਰ ਚੂਹੇ ਦੇ ਛੋਟੇ ਜਿਹੇ ਬੱਚੇ ਵੱਲ ਅਤੇ ਫਿਰ ਇਕਦਮ ਚਹਿਕ ਉੱਠਿਆ।

ਉਹਦੀਆਂ ਅੱਖਾਂ ਵਿਚ ਚਮਕ ਆ ਗਈ। ਉਹ ਤੇਜ਼ੀ ਨਾਲ ਮੰਜੇ ਉੱਤੇ ਬੈਠ ਗਿਆ ਤੇ ਫਿਰ ਕੁਝ ਕਰ ਗੁਜ਼ਰਨ ਦੀ ਮੁਦ੍ਰਾ ਵਿਚ ਖੜਾ ਹੋ ਗਿਆ।

-0-


2. ਪੈਰ ਦੀ ਜੁੱਤੀ

ਵਿਸਾਖ ਦੀ ਖਾਸੋਸ਼ ਦੁਪਹਿਰ ਵਿਚ ਕਦੇ ਅੱਡੀ ਅਤੇ ਕਦੇ ਪੰਜੇ ਉੱਚੇ ਕਰਕੇ ਚਲਦੇ ਹੋਏ ਉਹ ਦੁਕਾਨ ਦੇ ਅਹਾਤੇ ਵਿਚ ਪਸਰੀ ਛਾਂ ਵਿਚ ਖੜੇ ਹੋ ਗਏ। ਕੁਝ ਪਲ ਥਕਾਵਟ ਤੇ ਪੀੜ ਭਰੀ ਨਿਗ੍ਹਾ ਉਹਨਾਂ ਨੇ ਦੁਕਾਨਦਾਰ ਵੱਲ ਘੁਮਾਈ, ਭਰਾ, ਇਹ ਦਵਾਈ ਦੇ ਦੇ। ਵੇਖੀਂ ਪੇਟ ਦਰਦ ਦੀ ਈ ਐ ਨਾ, ਬੁੜ੍ਹੀ ਦਰਦ ਨਾਲ ਤੜਫ ਰਹੀ ਐ।

ਸੋਟੀ ਆਸਰੇ ਹੋਲੀ-ਹੋਲੀ ਆ ਰਹੇ ਇਸ ਆਕਾਰ ਨੂੰ ਬੜੀ ਦੇਰ ਤੋਂ ਵੇਖ ਰਿਹਾ ਦੁਕਾਨਦਾਰ ਆਪਣੇ ਉੱਤੇ ਕਾਬੂ ਨਹੀਂ ਰੱਖ ਸਕਿਆ। ਉਹ ਬੜੀ ਹਮਦਰਦੀ ਨਾਲ ਬੋਲਿਆ, ਬਾਬਾ! ਨੰਗੇ ਪੈਰ! ਪੈਰਾਂ ’ਚ ਜੁੱਤੀਆਂ-ਚੱਪਲਾਂ ਤਾਂ ਪਾ ਲਈਆਂ ਹੁੰਦੀਆਂ। ਇੰਨੀ ਤੇਜ਼ ਧੁੱਪ ’ਚ ਨੰਗੇ ਪੈਰ, ਜੁੱਤੀਆਂ ਕਿੱਥੇ ਗਈਆਂ ਤੁਹਾਡੀਆਂ?

ਜੁੱਤੀਆਂ…ਉਹਨਾਂ ਨੇ ਹੌਲੀ-ਹੌਲੀ ਆਪਣੀ ਗਰਦਨ ਉੱਚੀ ਕਰਕੇ ਦੁਕਾਨਦਾਰ ਵੱਲ ਵੇਖਿਆ ਤੇ ਪੂਰਾ ਭਾਰ ਸੋਟੀ ਉੱਤੇ ਪਾਉਂਦੇ ਹੋਏ ਕਿਹਾ, ਭਰਾਵਾ, ਜਦੋਂ ਦੇ ਪੁੱਤਰ ਦੇ ਪੈਰ ਮੇਰੇ ਪੈਰਾਂ ਦੇ ਬਰਾਬਰ ਦੇ ਹੋਏ ਨੇ, ਜੁੱਤੀਆਂ ਉਹ ਪਾਉਣ ਲੱਗ ਪਿਐ।

ਉਹਦਾ ਜਵਾਬ ਸੁਣ ਕੇ ਦੁਕਾਨਦਾਰ ਨੂੰ ਲੱਗਾ ਜਿਵੇਂ ਗਰਮ ਹਵਾ ਦਾ ਝੋਂਕਾ ਉਹਨੂੰ ਸਾੜ ਕੇ ਗੁਜ਼ਰ ਗਿਆ ਹੋਵੇ। ਉਸਦੀ ਨਿਗ੍ਹਾ ਉਹਨਾਂ ਦੇ ਤਪੇ ਹੋਏ ਚਿਹਰੇ ਤੋਂ ਝੁਲਸੇ ਹੋਏ ਪੈਰਾਂ ਤੱਕ ਫਿਸਲੀ ਤੇ ਉਹ ਕੰਬ ਉੱਠਿਆ। ਉਸਨੇ ਦਵਾਈ ਚੁਪ-ਚਾਪ ਉਹਨਾਂ ਵੱਲ ਵਧਾਈ ਅਤੇ ਆਪਣੀਆਂ ਜੁੱਤੀਆਂ ਨੂੰ ਪੈਰਾਂ ਵਿਚ ਜ਼ੋਰ ਨਾਲ ਕੱਸ ਲਿਆ।

-0-


3. ਆਖਰੀ ਸੱਚ

ਸ਼ਹਿਰ ਤੋਂ ਕੁਝ ਹੀ ਦੂਰੀ ਉੱਤੇ ਸਥਿੱਤ ਉਹਨਾਂ ਦੋਨਾਂ ਕਾਲੋਨੀਆਂ ਦੇ ਨਿਵਾਸੀ ਭੈਭੀਤ ਸਨ। ਤਿੰਨ ਦਿਨਾਂ ਤੋਂ ਨਾ ਤਾਂ ਮਸਜਿਦ ਵਿਚ ਅਜ਼ਾਨ ਹੋ ਰਹੀ ਸੀ, ਨਾ ਹੀ ਮੰਦਰ ਵਿਚ ਆਰਤੀ। ਦੋਨਾਂ ਕਾਲੋਨੀਆਂ ਦੇ ਨਿੱਕੇ ਜਿਹੇ ਫਾਸਲੇ ਨੂੰ ਇਹਨਾਂ ਦਿਨਾਂ ਦੇ ਨਿੱਤ ਦੇ ਨਵੇਂ ਵਾਕਿਆਤ ਨੇ ਬਹੁਤ ਲੰਮਾਂ ਬਣਾ ਦਿੱਤਾ ਸੀ।

‘ਅੱਲਾ-ਹੂ-ਅਕਬਰ’ ਜਾਂ ‘ਹਰ ਹਰ ਮਹਾਦੇਵ’ ਦੀਆਂ ਆਵਾਜ਼ਾਂ ਸੁਣਦੇ ਹੀ ਹਲਚਲ ਮਚ ਜਾਂਦੀ। ਕਦੇ ਇੱਧਰ ਖ਼ਬਰ ਆਉਂਦੀ, ਉਹ ਲੋਕ ਝਗੜਾ ਕਰਨ ਆ ਰਹੇ ਹਨ। ਕਦੇ ਉੱਧਰ ਇਹ ਸੁਣਾਈ ਦਿੰਦਾ, ਬੱਸ ਥੋੜੀ ਹੀ ਦੇਰ ਵਿਚ ਕੀ ਹੋਵੇਗਾ, ਕੁਝ ਕਿਹਾ ਨਹੀਂ ਜਾ ਸਕਦਾ।

ਰਾਤਾਂ ਦਾ ਜਗਰਾਤਾ, ਉੱਪਰ-ਹੇਠ ਹੁੰਦੇ ਸਾਹ। ਅਖਬਾਰਾਂ ਦੀਆਂ ਭਿਆਨਕ ਖ਼ਬਰਾਂ। ਦੋਹਾਂ ਹੀ ਕਾਲੋਨੀਆਂ ਦੇ ਵਾਸੀ ਇਸ ਵਾਤਾਵਰਣ ਤੋਂ ਮੁਕਤੀ ਪਾਉਣ ਲਈ ‘ਨਿਪਟ ਲੈਣ’ ਦੀ ਮੁਦ੍ਰਾ ਵਿਚ ਨਿਕਲ ਪਏ।

ਦੋਹਾਂ ਟੋਲਿਆਂ ਨੇ ਇਕ-ਦੂਜੇ ਨੂੰ ਆਪਣੇ ਵੱਲ ਆਉਂਦੇ ਵੇਖਿਆ। ਸ਼ੰਕਾ ਬੇਬੁਨਿਆਦ ਨਹੀਂ ਸੀ। ਦੋਹੇਂ ਜਵਾਬੀ ਕਾਰਵਾਈ ਲਈ ਅੱਗੇ ਵਧੇ। ਫਾਸਲਾ ਬਹੁਤ ਘੱਟ ਰਹਿ ਗਿਆ ਸੀ। ਰੱਯਤਨੂਰ ਨੇ ਆਪਣੀ ਦਾੜ੍ਹੀ ਉੱਤੇ ਹੱਥ ਫੇਰਦੇ ਹੋਏ ਜੇਬ ਵਿਚ ਹੱਥ ਪਾਇਆ। ਰਾਮਪਾਲ ਉਹਦੀ ਕਾਰਗੁਜਾਰੀ ਨੂੰ ਦੇਖਦੇ ਹੋਏ ਥੋੜੀ ਦੇਰ ਉੱਥੇ ਹੀ ਰੁਕਿਆ ਰਿਹਾ। ਫੇਰ ਖੱਬੇ ਹੱਥ ਨਾਲ ਸੋਟੀ ਨੂੰ ਠੋਕਦੇ ਹੋਏ ਅੱਗੇ ਵਧਿਆ। ਰੱਯਤਨੂਰ ਨੇ ਆਪਣਾ ਸਿਰ ਨੀਵਾਂ ਕਰ ਲਿਆ।

‘ਲੈ ਚਲਾ ਗੋਲੀ!ਰਾਮਪਾਲ ਨੇ ਆਪਣੀ ਸੋਟੀ ਦੂਜੇ ਸਾਥੀ ਨੂੰ ਫੜਾਈ ਤੇ ਸੀਨਾ ਤਾਣ ਕੇ ਬੋਲਿਆ, ਪੈਂਟ ਦੀ ਜੇਬ ’ਚੋਂ ਹੱਥ ਕਿਉਂ ਨਹੀਂ ਕੱਢਦੇ? ਕੱਢੋ ਪਿਸਤੌਲ ਤੇ ਕਰ ਦਿਓ ਇਸ ਸੀਨੇ ਨੂੰ ਛਲਣੀ…।

ਰੱਯਤਨੂਰ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਹੱਥ ਬਾਹਰ ਕੱਢਿਆ। ਮੁੱਠੀ ਗੁਲਾਬ ਦੀਆਂ ਪੰਖੜੀਆਂ ਨਾਲ ਭਰੀ ਹੋਈ ਸੀ। ਕੰਬਦੀ ਮੱਠੀ ਖੁੱਲ੍ਹ ਗਈ ਤੇ ਗੁਲਾਬ ਦੀਆਂ ਪੰਖੜੀਆਂ ਦੋਹਾਂ ਵਿਚਕਾਰਲੇ ਫਾਸਲੇ ਵਿਚ ਫੈਲ ਗਈਆਂ।

ਰਾਮਪਾਲ ਨੇ ਝੀਲ ਦੇ ਪਾਣੀ ਵਰਗੀਆਂ ਰੱਯਤਨੂਰ ਦੀਆਂ ਅੱਖਾਂ ਵਿਚ ਵੇਖਿਆ, ਸਾਡੇ ਲੋਕਾਂ ਦੀ ਰੋਟੀ ਤੇ ਧੰਦਾ ਇਕ-ਦੂਜੇ ਨਾਲ ਜੁੜੇ ਹੋਏ ਹਨ। ਅਸੀਂ ਇਸ ਦੰਗੇ ਫਸਾਦ ਤੋਂ ਕੀ ਲੈਣਾ!

ਮੈਂ ਤਾਂ ਆਪ ਤੁਹਾਨੂੰ ਇਹੀ ਅਰਜ਼ ਕਰਨੀ ਚਾਹੁੰਦਾ ਸੀ।ਦੋਹਾਂ ਨੇ ਇਕ ਦੂਜੇ ਦੀ ਮੁਸਕਰਾਹਟ ਨੂੰ ਵੇਖਿਆ ਤੇ ਗਲੇ ਲੱਗ ਗਏ।

ਰਾਮਪਾਲ ਦਾ ਟੋਲਾ ਦੂਜੇ ਟੋਲੇ ਵਿਚ ਮਿਲ ਗਿਆ ਤੇ ਹੌਲੀ-ਹੌਲੀ ਉਹਨਾਂ ਦੀ ਕਾਲੋਨੀ ਵੱਲ ਵਧਣ ਲੱਗਾ। ਰੱਯਤਨੂਰ ਨੇ ਸਜਲ ਅੱਖਾਂ ਨਾਲ ਅਸਮਾਨ ਵੱਲ ਹੱਥ ਉਠਾਏ। ਉਹਨੂੰ ਲੱਗਾ, ਆਕਾਸ਼ ਦੀ ਧੁੰਦ ਤੇ ਅਸਮਾਨ ਦਾ ਕੋਹਰਾ ਛਟਣ ਲੱਗਾ ਸੀ।

-0-

No comments:

Post a Comment